49687 ਸਿਹਤ ਟੈਸਟ ਮੁਫ਼ਤ ਕੀਤੇ ਗਏ
ਬਰਨਾਲਾ, ਹੰਡਿਆਇਆ ਅਤੇ ਭਦੌੜ ਵਿਖੇ ਖੋਲ੍ਹੇ ਜਾਣਗੇ ਨਵੇਂ ਆਮ ਆਦਮੀ ਕਲੀਨਿਕ
ਬਰਨਾਲਾ, 3 ਜਨਵਰੀ 2024
ਜ਼ਿਲ੍ਹਾ ਬਰਨਾਲਾ ਦੇ ਕੁੱਲ 11 ਆਮ ਆਦਮੀ ਕਲੀਨਿਕਾਂ ‘ਚ ਹੁਣ ਤੱਕ 125081 ਮਰੀਜ਼ਾਂ ਦਾ ਮੁਫ਼ਤ ਇਲਾਜ ਅਤੇ 49687 ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਤਿੰਨ ਨਵੇਂ ਆਮ ਆਦਮੀ ਕਲੀਨਿਕ ਬਰਨਾਲਾ ਵਾਸੀਆਂ ਲਈ ਸ਼ੁਰੂ ਕੀਤੇ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਸ ਵੇਲੇ 11 ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਹਨ ਜਿਹਨਾਂ ‘ਚ ਉੱਗੋਕੇ, ਚੂਹਾਣਕੇ ਖੁਰਦ, ਛਾਪਾ, ਗਹਿਲ, ਢਿਲਵਾਂ, ਸਹਿਣਾ, ਭੱਠਲਾਂ, ਹਮੀਦੀ, ਰੂੜੇਕੇ ਕਲਾਂ, ਠੀਕਰੀਵਾਲਾ ਅਤੇ ਭੈਣੀ ਫੱਤਾ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਆਰੀ ਸਿਹਤ ਸੁਵਿਧਾ ਲੋਕਾਂ ਦੇ ਘਰ ਦੇ ਨੇੜੇ ਆਮ ਆਦਮੀ ਕਲੀਨਿਕਾਂ ਰਾਹੀਂ ਦਿੱਤੀ ਜਾ ਰਹੀ ਹੈ ਜਿਥੇ ਨਾ ਕੇਵਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਬਲਕਿ ਮੁਫ਼ਤ ਟੈਸਟ ਵੀ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ, ਹੰਡਿਆਇਆ ਅਤੇ ਭਦੌੜ ਵਿਖੇ ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ ਜਿਹੜੇ ਕਿ ਜਲਦ ਹੀ ਲੋਕ ਅਰਪਣ ਕੀਤੇ ਜਾਣਗੇ।