ਗੁਰਦਾਸਪੁਰ , 24 ਸਤੰਬਰ 2021
ਜਨਾਬ ਇਸ਼ਫਾਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਫੋਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਅੰਦਰ ਸ਼ਾਮ 7-00 ਵਜੇ ਤੋਂ ਸਵੇਰੇ 10-00 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ ਤੇ ਪਾਬੰਦੀ ਲਗਾਉਂਣ ਦੇ ਹੁਕਮ ਜਾਰੀ ਕੀਤੇ ਹਨ । ਇਸ ਦੇ ਨਾਲ ਹੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਈਨਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਹਾਰਵੈਸਟਰ ਕੰਬਾਈਨ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੀ ਖੇਤੀਬਾੜੀ ਵਿਭਾਗ ਰਾਹੀਂ ਅਪਰੇਸ਼ਨ ਬਾਰੇ ਇੰਸਪੈਕਸ਼ਨ ਕਰਵਾਉਣ ਅਤੇ ਕੋਈ ਵੀ ਕੰਬਾਇਨ ਹਾਰਵੈਸਟਰ Super SMS ਲਗਾਏ ਬਗੈਰ ਨਹੀਂ ਵਰਤੀ ਜਾਵੇਗੀ ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਆਮ ਤੌਰ ਤੇ ਝੋਨੇ ਦੀ ਕਟਾਈ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ ਅਤੇ ਕੰਬਾਈਨ ਮਾਲਕ ਜਿੰਮੀਦਾਰਾਂ ਨੂੰ ਝੋਨੇ ਦੀ ਕਟਾਈ ਦੇ ਸਹੀ ਸਮੇਂ ਬਾਰੇ ਜਾਣਕਾਰੀ ਨਹੀਂ ਦਿੰਦੇ । ਜਿੰਮੀਂਦਾਰਾਂ ਵਲੋਂ ਜਦੋਂ ਵੀ ਕੰਬਾਈਨ ਉਪਲੱਬਧ ਹੁੰਦੀ ਹੈ, ਉਸ ਸਮੇਂ ਝੋਨੇ ਦੀ ਕਟਾਈ ਕਰ ਲਈ ਜਾਂਦੀ ਹੈ, ਭਾਵੇ ਉਸ ਵੇਲੇ ਰਾਤ ਹੋਵੇ । ਇਸ ਤਰ੍ਹਾਂ ਜਿੰਮੀਂਦਾਰਾਂ ਵੱਲੋਂ ਅਣ-ਪੱਕਿਆ ਅਤੇ ਨਮੀ ਵਾਲੇ ਝੋਨੇ ਦੀ ਕਟਾਈ ਕਰਵਾ ਲਈ ਜਾਂਦੀ ਹੈ । ਅਜਿਹੀ ਝੋਨੇ ਨੂੰ ਖਰੀਦਣ ਲਈ ਖਰੀਦ ਏਜੰਸੀਆਂ ਗੁਰੇਜ਼ ਕਰਦੀਆਂ ਹਨ, ਜਿਸ ਨਾਲ ਜਿੰਮੀਦਾਰਾਂ ਨੂੰ ਔਕੜ ਪੇਸ਼ ਆਉਂਦੀ ਹੈ । ਮੈਂ ਮਹਿਸੂਸ ਕਰਦਾ ਹਾਂ ਕਿ ਅਜਿਹੀ ਸਥਿਤੀ ਤੇ ਅੰਕੁਸ਼ ਲਗਾਉਣ ਲਈ ਫੌਰੀ ਕਾਰਵਾਈ ਦੀ ਲੋੜ ਹੈ । ਇਹ ਹੁਕਮ ਮਿਤੀ 23 ਸਤੰਬਰ, 2021 ਤੋਂ 22 ਨਵੰਬਰ, 2021 ਤੱਕ ਲਾਗੂ ਰਹਿਣਗੇ ।