ਜ਼ਿਲ੍ਹੇ ਦੇ ਪਿੰਡ ਢੋਟੀਆਂ ਦੀ ਰਹਿਣ ਵਾਲੀ ਹਰਮਨਜੀਤ ਕੌਰ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਨੌਕਰੀ ਪ੍ਰਾਪਤ ਕਰਕੇ ਕਮਾ ਰਹੀ ਹੈ 8000 ਰੁਪਏ ਪ੍ਰਤੀ ਮਹੀਨਾ
ਤਰਨ ਤਾਰਨ, 12 ਜੁਲਾਈ 2021
ਪੰਜਾਬ ਸਰਕਾਰ ਵੱਲੋਂ ਮਿਸ਼ਨ ਘਰ-ਘਰ ਰੋਜ਼ਗਾਰ ਦੇ ਤਹਿਤ ਚਲਾਏ ਗਏ ਰੋਜ਼ਗਾਰ ਬਿਊਰੋ ਨੌਜਵਾਨ ਉਮੀਦਵਾਰਾਂ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ, ਰੋਜ਼ਗਾਰ ਬਿਊਰੋ ਤਰਨਤਾਰਨ ਵੱਲੋਂ ਹੁਣ ਤੱਕ ਇਸ ਮਿਸ਼ਨ ਦੇ ਅਧੀਨ ਅਨੇਕਾਂ ਹੀ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਰੋਜ਼ਗਾਰ ਮੁੱਹਈਆ ਕਰਵਾਕੇ ਖੁਸ਼ੀ ਲਿਆਂਦੀ ਗਈ ਹੈ, ਅਨੇਕਾਂ ਹੀ ਲੜਕੀਆਂ ਇਸ ਮਿਸ਼ਨ ਦੇ ਪ੍ਰਦਾਨ ਕੀਤੇ ਗਏ ਮੌਕਿਆਂ ਦੇ ਕਾਰਨ ਆਪਣੇ ਮਾਤਾ ਪਿਤਾ ਦਾ ਘਰ ਚਲਾਉਣ ਵਿੱਚ ਹੱਥ ਵਟਾ ਰਹੀਆਂ ਹਨ
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ ਅਤੇ ਬੇਰੋਜ਼ਗਾਰ ਉਮੀਦਵਾਰਾਂ ਨੂੰ ਆਸ਼ਾ ਦੀ ਕਿਰਨ ਦਿਖਾ ਰਿਹਾ ਹੈ।
ਅਜਿਹੀ ਹੀ ਇਕ ਮਿਸਾਲ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਢੋਟੀਆਂ ਦੀ ਰਹਿਣ ਵਾਲੀ ਹਰਮਨਜੀਤ ਕੌਰ। ਹਰਮਨਜੀਤ ਦੀ ਪੈਦਾਇਸ਼ ਇਕ ਮੱਧ ਵਰਗੀ ਪਰਿਵਾਰ ਵਿੱਚ ਹੋਈ ਉਸਦੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਮਾਤਾ ਜੀ ਇਕ ਗ੍ਰਹਿਣੀ ਹਨ ਉਸਨੇ 12ਵੀਂ ਪਾਸ ਕਰਨ ਤੋਂ ਬਾਅਦ ਅੱਗੇ ਪੜ੍ਹਨ ਬਾਰੇ ਸੋਚਿਆ ਪਰ ਘਰ ਦੇ ਹਾਲਾਤ ਦੇਖ ਕੇ ਨੌਕਰੀ ਕਰਨ ਦਾ ਫ਼ੈਸਲਾ ਲਿਆ ਪਰ ਨੌਕਰੀ ਲੱਭਣ ਵਿੱਚ ਵੀ ਉਸਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ।
ਇੱਕ ਦਿਨ ਉਸਨੇ ਅਖ਼ਬਾਰ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਰੋਜ਼ਗਾਰ ਬਿਊਰੋ ਤਰਨਤਾਰਨ ਵੱਲੋਂ ਪ੍ਰਕਾਸ਼ਿਤ ਸਫ਼ਲਤਾ ਦੀ ਕਹਾਣੀ ਪੜ੍ਹੀ ਅਤੇ ਉਸ ਖ਼ਬਰ ਨਾਲ ਉਹ ਬਹੁਤ ਪ੍ਰਭਾਵਿਤ ਹੋਈ ਅਤੇ ਉਸਨੇ ਰੋਜ਼ਗਾਰ ਬਿਊਰੋ ਤਰਨਤਾਰਨ ਵਿੱਚ ਵਿਜ਼ਿਟ ਕੀਤੀ ਅਤੇ ਆਪਣਾ ਨਾਮ ਦਰਜ ਕਰਵਾਇਆ। ਨਾਮ ਦਰਜ ਕਰਵਾਉਣ ਤੋਂ ਬਾਅਦ ਉਸਨੂੰ ਜ਼ਿਲ੍ਹਾ ਰੋਜ਼ਗਾਰ ਅਫਸਰ ਅਤੇ ਪਲੇਸਮੇਂਟ ਅਫਸਰ ਵੱਲੋਂ ਕਾਊਂਸਲ ਕੀਤਾ ਗਿਆ ਅਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਇੰਟਰਵਿਊ ਬਾਰੇ ਜਾਣਕਾਰੀ ਦਿੱਤੀ ਗਈ ।
ਹਰਮਨਜੀਤ ਕੌਰ ਵੱਲੋਂ ਆਪਣਾ ਬਾਇਓਡਾਟਾ ਰੋਜ਼ਗਾਰ ਦਫ਼ਤਰ ਨੂੰ ਜਮ੍ਹਾ ਕਰਵਾਇਆ ਗਿਆ ਅਤੇ ਦਫਤਰ ਵੱਲੋਂ ਕੰਪਨੀ ਦੇ ਨਾਲ ਉਸਦੀ ਇੰਟਰਵਿਊ ਕਰਵਾ ਦਿੱਤੀ ਗਈ। ਕੰਪਨੀ ਵੱਲੋਂ ਹਰਮਨਜੀਤ ਕੌਰ ਨੂੰ ਵੈੱਲਨੈੱਸ ਅਡਵਾਈਜ਼ਰ ਦੀ ਪੋਸਟ ਲਈ ਸਿਲੈਕਟ ਕੀਤਾ ਗਿਆ। ਅੱਜ ਹਰਮਨਜੀਤ ਕੌਰ ਇਸ ਕੰਪਨੀ ਵਿੱਚ ਨਾ ਸਿਰਫ ਨੌਕਰੀ ਕਰ ਰਹੀ ਹੈ, ਬਲਕਿ ਨਾਲ ਦੀ ਨਾਲ ਆਪਣੀ ਉਚੇਰੀ ਪੜ੍ਹਾਈ ਵੀ ਕਰ ਰਹੀ ਹੈ । ਇਸ ਕੰਪਨੀ ਵਿੱਚ ਤਨਖ਼ਾਹ ਦੇ ਤੌਰ ‘ਤੇ ਉਹ 8000 ਰੁਪਏ ਪ੍ਰਤੀ ਮਹੀਨਾ ਕਮਾ ਰਹੀ ਹੈ ਅਤੇ ਬਹੁਤ ਖੁਸ਼ ਹੈ
ਰੋਜ਼ਗਾਰ ਬਿਊਰੋ ਤਰਨਤਾਰਨ ਵੱਲੋਂ ਪ੍ਰਦਾਨ ਕੀਤੇ ਗਏ ਇਸ ਅਵਸਰ ਦਾ ਉਹ ਧੰਨਵਾਦ ਕਰਦੇ ਨਹੀਂ ਥੱਕਦੀ ਅਤੇ ਸਭ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਕਿ ਉਹ ਆਪਣੇ ਜ਼ਿਲ੍ਹੇ ਵਿੱਚ ਰੋਜ਼ਗਾਰ ਬਿਊਰੋ ਵਿੱਚ ਵਿਜ਼ਿਟ ਕਰਕੇ ਆਪਣਾ ਨਾਮ ਜ਼ਰੂਰ ਦਰਜ ਕਰਵਾਉਣ ਅਤੇ ਰੋਜ਼ਗਾਰ ਪ੍ਰਾਪਤ ਕਰਨ ।