ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਹਰੇਕ ਵਰਗ ਤੱਕ ਪਹੁੰਚ ਕੀਤੀ ਜਾਵੇਗੀ : ਪ੍ਰੋ. ਅਨਟਾਲ
ਪਟਿਆਲਾ, 29 ਜੂਨ 2021
2022 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੀ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਦੀ ਅਗਵਾਈ ਵਿਚ ਵੋਟਰਾਂ ਨੂੰ ਜਾਗੂਰਕ ਕਰਨ, ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਤੇ ਇਲੈੱਕਟ੍ਰਾਨਿਕ ਵੋਟਰ ਕਾਰਡ ਸਬੰਧੀ ਜਾਗਰੂਕਤਾ ਫੈਲਾਉਣ ਲਈ ਪਟਿਆਲਾ ਜ਼ਿਲ੍ਹੇ ਦੇ ਸਮੁੱਚੇ ਅੱਠ ਵਿਧਾਨ ਸਭਾ ਹਲਕਿਆਂ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਵੋਟਰ ਸਾਖਤਰਾ ਕੈਂਪਾਂ ਦੀ ਸ਼ੁਰੂਆਤ ਕਰਦਿਆ ਦੱਸਿਆ ਕਿ ਅੱਜ ਹਲਕਾ ਸਨੌਰ ਅਤੇ ਪਟਿਆਲਾ ਦਿਹਾਤੀ ਦੇ ਲਗਾਏ ਸਾਂਝੇ ਕੈਂਪ ਦਾ ਪ੍ਰਬੰਧ ਵਿਧਾਨ ਸਭਾ ਹਲਕਾ ਸਨੌਰ ਦੇ ਨੋਡਲ ਅਫ਼ਸਰ ਸਵੀਪ ਸਤਵੀਰ ਸਿੰਘ ਗਿੱਲ ਅਤੇ ਹਲਕਾ ਪਟਿਆਲਾ ਦਿਹਾਤੀ ਦੇ ਚੋਣ ਕਾਨੂੰਗੋ ਕੁਲਜੀਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਇਸ ਕੈਂਪ ਦੌਰਾਨ ਕੈਂਪਸ ਅੰਬੈਸਡਰ ਗੌਰਵ ਅਤੇ ਅਕਿੰਦਰਜੀਤ ਸਿੰਘ ਅਤੇ ਬੀ ਐਲ ਓ. ਗਗਨਦੀਪ ਸਿੰਘ ਨੇ ਮੌਕੇ ਉੱਪਰ ਹੀ ਵੋਟਾਂ ਨਾਲ ਸਬੰਧਤ ਲੋਕਾਂ ਦੇ ਮਸਲੇ ਸੁਣੇ ਅਤੇ ਉਨ੍ਹਾਂ ਨੂੰ ਵੋਟਾਂ ਵਿੱਚ 100 ਫ਼ੀਸਦੀ ਸ਼ਮੂਲੀਅਤ ਲਈ ਪ੍ਰੇਰਿਤ ਕੀਤਾ।
ਪ੍ਰੋ. ਅਨਟਾਲ ਨੇ ਦੱਸਿਆ ਕਿ ਇਸੇ ਤਰ੍ਹਾਂ ਦੇ ਕੈਂਪ ਲਗਾਉਣ ਲਈ ਨਾਭਾ ਵਿੱਚ ਪ੍ਰੋ. ਸੁਰਿੰਦਰ ਪੂਰੀ, ਪਟਿਆਲਾ ਸ਼ਹਿਰੀ ਵਿਚ ਰੁਪਿੰਦਰ ਸਿੰਘ ਆਸਥਾ, ਹਲਕਾ ਪਟਿਆਲਾ ਦਿਹਾਤੀ ਲਈ ਪ੍ਰੋ. ਨਰਿੰਦਰ ਸਿੰਘ ਢੀਂਡਸਾ, ਸਮਾਣਾ ਲਈ ਪ੍ਰੋ. ਨਛੱਤਰ ਸਿੰਘ, ਸ਼ੁਤਰਾਣਾ ਲਈ ਡਾ. ਗੁਰਜੀਤ ਸਿੰਘ ਰਾਜਪੁਰਾ ਲਈ ਪ੍ਰੋ. ਰਮਨਦੀਪ ਸਿੰਘ ਸੋਢੀ, ਘਨੌਰ ਲਈ ਡਾ. ਸੰਜੀਵ ਅਤੇ ਸਨੌਰ ਲਈ ਸਤਵੀਰ ਸਿੰਘ ਗਿੱਲ ਦੀ ਅਗਵਾਈ ਵਿਚ ਟੀਮਾਂ ਕੰਮ ਕਰਨਗੀਆਂ। ਟਰਾਂਸਜੈਡਰ, ਦਿਵਿਆਂਗਜਨ ਵੋਟਰਾਂ ਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਦੀ ਟੀਮ ਉਤਸ਼ਾਹਿਤ ਕਰੇਗੀ। ਸੈਨਿਕ ਅਤੇ ਸਾਬਕਾ ਸੈਨਿਕਾਂ ਨੂੰ ਵੋਟ ਦੀ ਮਹੱਤਤਾ ਲਈ ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰ ਦੀ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਉਦਯੋਗ ਕੇਂਦਰ ਦੀਆਂ ਸੇਵਾਵਾਂ ਲਈਆਂ ਜਾਣਗੀਆਂ।