ਮੀਟਿੰਗ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਵਧੀਆ ਕਾਰਗੁਜ਼ਾਰੀ ਲਈ ਕੀਤੀ ਪਲਾਨਿੰਗ
ਤਰਨਤਾਰਨ, 21 ਅਗਸਤ 2021
ਰਾਸ਼ਟਰੀ ਪ੍ਰਾਪਤੀ ਸਰਵੇਖਣ ਜਾਂ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਕੁੱਲ ਭਾਰਤ ਵਿੱਚ 12 ਨਵੰਬਰ ਨੂੰ ਸਰਵੇਖਣ ਹੋਣ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਸਾਲ ਤੋਂ ਹੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਸਦੀ ਤਿਆਰੀ ਦੇ ਤੌਰ ਤੇ ਹੀ ਪੰਜਾਬ ਪ੍ਰਾਪਤੀ ਸਰਵੇਖਣ ਜਾਂ ਪੈਸ ਵੀ ਕਰਵਾਇਆ ਜਾ ਚੁੱਕਾ ਹੈ ਜਿਸ ਦੇ ਬਹੁਤ ਹੀ ਵਧੀਆ ਨਤੀਜੇ ਵੇਖਣ ਨੂੰ ਮਿਲੇ ਹਨ।
ਇਹ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਰਾਜੇਸ਼ ਕੁਮਾਰ ਸ਼ਰਮਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਲਾਦੀਨਪੁਰ ਵਿਖੇ ਸਮੂਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਾਂ ਨਾਲ ਨੈਸ ਨੂੰ ਲੈਕੇ ਰੱਖੀ ਮੀਟਿੰਗ ਦੌਰਾਨ ਕੀਤਾ ਗਿਆ। ਉਹਨਾਂ ਜ਼ਿਲ੍ਹਾ ਕੋ-ਆਰਡੀਨੇਟਰ, ਸਹਾਇਕ ਜ਼ਿਲ੍ਹਾ ਕੋ-ਆਰਡੀਨੇਟਰ ਅਤੇ ਸਮੂਹ ਬਲਾਕਾਂ ਦੇ ਬੀ. ਐੱਮ. ਟੀ. ਸਾਹਿਬਾਨ ਨੂੰ ਨੈੱਸ 2021 ਤਹਿਤ ਸਕੂਲ ਸਕੂਲ ਜਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਸਰਵੇਖਣ ਪ੍ਰਤੀ ਜਾਗਰੂਕ ਕਰਨ ਅਤੇ ਸਿੱਖਣ ਪ੍ਰਣਾਮਾਂ ‘ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਨਵਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ “ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ” ਅਤੇ ਅਨੂਪ ਸਿੰਘ ਮੈਣੀ ਸਹਾਇਕ ਕੋਆਰਡੀਨੇਟਰ ਵੱਲੋਂ ਜ਼ਿਲ੍ਹਾ ਤਰਨਤਾਰਨ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਲਈ ਵਿਚਾਰ ਚਰਚਾ ਕੀਤੀ ਗਈ।
ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਨੇ ਇਸ ਮੌਕੇ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰੀ ਸਕੂਲ ਸਿੱਖਿਆ ਦਰਜਾਬੰਦੀ ਵਿੱਚ ਪੰਜਾਬ ਨੇ ਸਿਖ਼ਰਲਾ ਸਥਾਨ ਹਾਸਲ ਕੀਤਾ ਹੈ ਇਸੇ ਤਰ੍ਹਾਂ ਹੀ ਭਰਪੂਰ ਮਿਹਨਤ ਅਤੇ ਯੋਜਨਾਬੰਦੀ ਦੁਆਰਾ ਅਸੀਂ ਨੈਸ ਵਿੱਚੋਂ ਵੀ ਆਪਣੇ ਜਿਲ੍ਹੇ ਦਾ ਵਧੀਆ ਨਤੀਜਾ ਲਿਆਉਣਾ ਹੈ।ਜਿਸ ਲਈ ਹੁਣ ਤੋਂ ਹੀ ਹਰ ਬੱਚੇ ‘ਤੇ ਫੋਕਸ ਕੀਤਾ ਜਾਣਾ ਚਾਹੀਦਾ ਹੈ।