ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਕੌਮਾਂਤਰੀ ਸੰਕੇਤ ਭਾਸ਼ਾ ਦਿਵਸ ਮੌਕੇ ਆਨਲਾਈਨ ਸਮਾਗਮ ਦਾ ਆਯੋਜਨ

Barnala administrator

ਸੰਕੇਤ ਭਾਸ਼ਾ, ਸੁਣਨ ਤੋਂ ਅਸਮਰਥ ਵਿਦਿਆਰਥੀਆਂ ਲਈ ਹੈ ਵਰਦਾਨ-ਡੀ.ਈ.ਓ.

ਰਿਸੋਰਸ ਪਰਸਨਾਂ ਵੱਲੋਂ ਤਕਨੀਕਾਂ ਬਾਰੇ ਵਿਦਿਆਰਥੀਆਂ ਨਾਲ ਕੀਤੀ ਗਈ ਜਾਣਕਾਰੀ ਸਾਂਝੀ

ਬਰਨਾਲਾ, 25 ਸਤੰਬਰ :

ਸੰਕੇਤ ਭਾਸ਼ਾ, ਸੁਣਨ ਤੋਂ ਅਸਮਰਥ ਵਿਦਿਆਰਥੀਆਂ ਲਈ ਵਰਦਾਨ ਹੈ। ਸੁਣਨ ਤੋਂ ਅਸਮਰਥ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪ੍ਰਭਾਵੀ ਬਣਾਉਣ ਲਈ ਅਧਿਆਪਕ ਨੂੰ ਸੰਕੇਤ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀਮਤੀ ਮਨਿੰਦਰ ਕੌਰ ਨੇ ਆਈ.ਈ.ਡੀ/ਆਈ.ਈ.ਡੀ.ਐੱਸ.ਐੱਸ ਵਿੰਗ ਵੱਲੋਂ ਕੌਮਾਂਤਰੀ ਸੰਕੇਤ ਭਾਸ਼ਾ ਦਿਵਸ ਮੌਕੇ ਕਰਵਾਏ ਗਏ ਆਨਲਾਈਨ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮਾਗਮ ’ਚ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ, ਸੁਣਨ ਤੋਂ ਅਸਮਰਥ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀਮਤੀ ਵਸੁੰਧਰਾ ਕਪਿਲਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਵੱਲੋਂ ਸੁਣਨ ਤੋਂ ਅਸਮਰਥ ਵਿਦਿਆਰਥੀਆਂ ਨੂੰ ਦਿੱਤਾ ਸੰਕੇਤ ਭਾਸ਼ਾ ਦਾ ਗਿਆਨ ਉਨ੍ਹਾਂ ਦਾ ਜੀਵਨ ਸੁਧਾਰ ਦਿੰਦਾ ਹੈ। ਇਸ ਭਾਸ਼ਾ ਦਾ ਗਿਆਨ ਪ੍ਰਾਪਤ ਕਰਕੇ ਵਿਦਿਆਰਥੀ ਖ਼ਬਰਾਂ ਦੇ ਵਿਸ਼ੇਸ਼ ਬੁਲਟਿਨ ਸੁਣਨ ਅਤੇ ਵੱਖ-ਵੱਖ ਖੇਤਰਾਂ ’ਚ ਕੰਮ ਕਰਨ ਦੇ ਸਮਰੱਥ ਬਣ ਜਾਂਦੇ ਹਨ।

ਸ. ਭੁਪਿੰਦਰ ਸਿੰਘ ਡੀ.ਐੱਸ.ਈ.ਟੀ ਅਤੇ ਸ੍ਰੀ ਮੁਹੰਮਦ ਰਿਜ਼ਵਾਨ ਨੇ ਦੱਸਿਆ ਕਿ 23 ਸਤੰਬਰ ਦਾ ਦਿਨ ਹਰ ਵਰ੍ਹੇ ਕੌਮਾਂਤਰੀ ਸੰਕੇਤ ਭਾਸ਼ਾ ਦਿਵਸ ਵਜੋਂ ਅਤੇ ਸਤੰਬਰ ਮਹੀਨੇ ਦਾ ਅਖੀਰਲਾ ਹਫ਼ਤਾ ਸੰਕੇਤ ਭਾਸ਼ਾ ਹਫ਼ਤੇ ਵਜੋਂ ਮਨਾ ਕੇ ਇਸ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ। ਸਮਾਗਮ ਦੌਰਾਨ ਸੀ.ਆਰ.ਸੀ ਸੁੰਦਰਨਗਰ ਹਿਮਾਚਲ ਪ੍ਰਦੇਸ ਤੋਂ ਟ੍ਰੇਨਿੰਗ ਪ੍ਰਾਪਤ ਰਿਸੋਰਸ ਪਰਸ਼ਨ ਸ਼੍ਰੀ ਰਾਜਿੰਦਰ ਸਿੰਘ ਨਿੱਜ਼ਰ, ਮੈਡਮ ਮੀਨਾ ਅਤੇ ਮੈਡਮ ਛਿੰਦਰਪਾਲ ਕੌਰ ਨੇ ਸੰਕੇਤ ਭਾਸ਼ਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਇਸਨੂੰ ਵਿਦਿਆਰਥੀਆਂ ਤਕ ਪਹੁੰਚਾਉਣ ਦੀਆ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ। ਸੰਕੇਤ ਭਾਸ਼ਾ ਬਾਰੇ ਵੀਡਿਓਜ਼ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ। ਰਿਸੋਰਸ ਪਰਸਨਾਂ ਨੇ ਸੁਣਨ ਤੋਂ ਅਸਮਰਥ ਬੱਚਿਆਂ ਦੀ ਪੜ੍ਹਾਈ ਸਬੰੰਧੀ ਪੇਸ਼ ਆਉਦੀਆਂ ਸਮੱਸਿਆਵਾਂ ਬਾਰੇ ਸੁਣਿਆ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਦਿਆਂ ਦਿਵਿਯਾਂਗ ਬੱਚਿਆਂ ਨੂੰ ਆਮ ਸਿੱਖਿਆ ਦੇ ਨਾਲ-ਨਾਲ ਕਿੱਤਾਮੁਖੀ ਸਿੱਖਿਆ ਮੁਹੱਈਆ ਕਰਵਾਉਣ ਬਾਰੇ ਵੀ ਦੱਸਿਆ।

ਸਮਾਗਮ ਦਾ ਸੰਚਾਲਨ ਮੈਡਮ ਦਵਿੰਦਰ ਕੌਰ ਸ਼ਹਿਣਾ ਵੱਲੋਂ ਕੀਤਾ ਗਿਆ ਅਤੇ ਟੈਕਨੀਕਲ ਸਹਾਇਕ ਦੇ ਤੌਰ ’ਤੇ ਸ੍ਰੀ ਮਨਪ੍ਰੀਤ ਸਿੰਘ ਤਾਜੋਕੇ ਨੇ ਜਿੰਮੇਵਾਰੀ ਨਿਭਾਈ। ਸਮਾਗਮ ਵਿੱਚ ਆਈ.ਈ.ਆਰ.ਟੀ ਮੈਡਮ ਸਪਨਾ ਬਰਨਾਲਾ ਅਤੇ ਸ੍ਰੀ ਰਮਨਦੀਪ ਸਿੰਘ ਸ਼ਹਿਣਾ ਸਮੇਤ ਸਮੂਹ ਕਲੱਸਟਰਾਂ ਦੇ ਆਈ.ਈ.ਵੀਜ਼ ਆਦਿ ਹਾਜ਼ਰ ਸਨ।

Spread the love