ਕੰਬਾਇਨ ਹਾਰਵੈਸਟਰ ਤੇ ਸੁਪਰ ਐਸ. ਐਮ. ਐਸ. ਲਗਵਾਉਣ ਲਈ ਸਬਸਿਡੀ ਸਬੰਧੀ ਦਰਖਾਸਤਾਂ 30 ਸਤੰਬਰ ਤੱਕ ਜਮ੍ਹਾਂ ਕਰਵਾਈਆ ਜਾ ਸਕਦੀਆਂ ਹਨ: ਡਿਪਟੀ ਕਮਿਸ਼ਨਰ
ਮਿਸ਼ਨ ਫ਼ਤਹਿ–ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਕੋਰੋਨਾ ਦੀ ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਕੀਤੀ ਗਈ ਅਪੀਲ
ਬਰਨਾਲਾ, 26 ਸਤੰਬਰ : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਵੈਚਾਲਿਤ ਜਾਂ ਟਰੈਕਟਰ ਨਾਲ ਚੱਲਣ ਵਾਲੇ ਕੰਬਾਇਨ ਹਾਰਵੈਸਟਰ ਤੇ ਸੁਪਰ ਐਸ. ਐਮ.ਐਸ. ਲਗਵਾਉਣ ਲਈ ਸਬਸਿਡੀ ਮੁਹੱਈਆ ਕਰਵਾਉਣ ਸਬੰਧੀ ਦਰਖਾਸਤਾਂ 30 ਸਤੰਬਰ 2020 ਤੱਕ ਮੰਗੀਆਂ ਗਈਆਂ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ/ਕਿਸਾਨਾਂ ਦੀਆਂ ਰਜਿਸਟਰਡ ਸੁਸਾਇਟੀਆਂ/ਰਜਿਸਟਰਡ ਕਿਸਾਨ ਗਰੁੱਪਾਂ/ਗ੍ਰਾਮ ਪੰਚਾਇਤਾਂ/ਫਾਰਮਰ ਪ੍ਰੋਡਿਊਸਰ ਸੰਸਥਾਵਾਂ ਲਈ 80% ਸਬਸਿਡੀ ਅਤੇ ਨਿੱਜੀ ਕਿਸਾਨਾਂ ਲਈ 50% ਸਬਸਿਡੀ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਜਿਸ ਫਰਮ ਤੋਂ ਮਸ਼ੀਨ ਲਗਵਾਉਣੀ ਹੈ, ਉਸ ਫਰਮ ਦੀਆਂ ਮਸ਼ੀਨਾਂ ਭਾਰਤ ਸਰਕਾਰ ਦੇ ਕਿਸੇ ਟੈਸਟਿੰਗ ਸੈਂਟਰ ਤੋਂ ਟੈਸਟ ਹੋਈਆਂ ਹੋਣ ਅਤੇ ਵਿਭਾਗ/ਪੀ.ਏ.ਯੂ ਵੱਲੋਂ ਜਾਰੀ ਕੀਤੀ ਲਿਸਟ ਵਿੱਚ ਦਰਜ ਹੋਣ। ਇਸ ਤੋਂ ਇਲਾਵਾ ਸਬੰਧਤ ਫਰਮ ਹੀ ਖੇਤੀਬਾੜੀ ਵਿਭਾਗ ਦੇ ਪੋਰਟਲ ਤੇ ਕਿਸਾਨ ਦਾ ਨਾਂ ਰਜਿਸਟਰ ਕਰਨਗੇ ਅਤੇ ਸੂਚਨਾ ਨੇੜੇ ਦੇ ਬਲਾਕ ਖੇਤੀਬਾੜੀ ਅਫ਼ਸਰ/ਸਹਾਇਕ ਖੇਤੀਬਾੜੀ ਇੰਜੀਨੀਅਰ/ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਕਿਸਾਨ ਸਿੱਧੇ ਤੌਰ ’ਤੇ ਵੀ ਆਪਣੇ ਬਿਨੈ-ਪੱਤਰ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਅਫ਼ਸਰ/ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਦੇ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਕੋਈ ਵੀ ਕੰਬਾਇਨ ਬਿਨ੍ਹਾਂ ਐਸ.ਐਮ.ਐਸ. ਦੇ ਨਹੀਂ ਚੱਲਣ ਦਿੱਤੀ ਜਾਏਗੀ। ਬਿਨ੍ਹਾਂ ਐਸ.ਐਮ.ਐਸ. ਕੰਬਾਇਨ ਚਲਾਉਣ ’ਤੇ 25000 ਰੁਪਏ ਤੋਂ ਲੈ ਕੇ 75000 ਰੁਪਏ ਤੱਕ ਜ਼ੁਰਮਾਨਾ ਵੀ ਹੋ ਸਕਦਾ ਹੈ, ਇਸ ਲਈ ਕਿਸਾਨ ਵੀਰ ਇਸ ਤੋਂ ਬਚਣ ਅਤੇ ਆਪਣਾ ਤੇ ਧਰਤੀ ਮਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਕੰਬਾਇਨਾਂ ਨੂੰ ਬਿਨ੍ਹਾਂ ਐਸ.ਐਮ.ਐਸ. ਦੇ ਚਲਾਉਣ ਤੋਂ ਪ੍ਰਹੇਜ਼ ਕਰਨ।
ਡਾ. ਬਲਦੇਵ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਕਿਹਾ ਕਿ ਇਸ ਵਾਰ ਕੋਰੋਨਾ ਮਹਾਂਮਾਰੀ ਹੋਣ ਕਾਰਨ ਜੇਕਰ ਪਰਾਲੀ ਨੂੰ ਅੱਗ ਲਗਾਈ ਗਈ ਤਾਂ ਕੋਰੋਨਾ ਮਹਾਂਮਾਰੀ ਹੋਰ ਤੇਜ਼ੀ ਨਾਲ ਫ਼ੈਲ ਸਕਦੀ ਹੈ। ਇਸ ਲਈ ਉਨ੍ਹਾਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਕੋਰੋਨਾ ਮਹਾਂਮਾਰੀ ਤੋਂ ਨਿਜਾਤ ਪਾਉਣ ’ਚ ਵੀ ਆਪਣਾ ਯੋਗਦਾਨ ਪਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਮਸ਼ੀਨਰੀ ’ਤੇ ਦਿੱਤੀ ਜਾਣ ਵਾਲੀ ਸਬਸਿਡੀ ਦਾ ਲਾਭ ਉਠਾਉਣ ਅਤੇ ਆਪਣੀ ਫ਼ਸਲ ਦੀ ਕਟਾਈ ਦੇ ਨਾਲ-ਨਾਲ ਹੋਰਨਾਂ ਕਿਸਾਨਾ ਦੀ ਫ਼ਸਲ ਦੀ ਕਟਾਈ ਕਿਰਾਏ ਤੇ ਮਸ਼ੀਨਾਂ ਉਪਲੱਬਧ ਕਰਵਾ ਕੇ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਆਮਦਨ ਵੀ ਹੋ ਸਕਦੀ ਹੈ ਅਤੇ ਵਾਤਾਵਰਣ ਦੀ ਸੰਭਾਲ ਕਰਕੇ ਵਾਤਾਵਰਣ ਅਤੇ ਆਪਣੇ ਬੱਚਿਆਂ/ਬਜ਼ੁਰਗਾਂ ਨੂੰ ਕੋਰੋਨਾ ਮਹਾਂਮਾਰੀ ਦੇ ਕਹਿਰ ਤੋਂ ਵੀ ਬਚਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨਾਂ ਵੱਲੋਂ ਆਪਣੇ ਬਲਾਕ ਦੇ ਖੇਤੀਬਾੜੀ ਅਫ਼ਸਰ/ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਤੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਾਂ ਫਿਰ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 18001801551 ’ਤੇ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਮੁਫ਼ਤ ਸਲਾਹ ਲਈ ਜਾ ਸਕਦੀ ਹੈ।