ਜ਼ਿਲ੍ਹੇ ’ਚ ਪਟਾਕਿਆਂ ਦੀ ਵਿਕਰੀ ਲਈ ਟੈਂਪਰੇਰੀ ਲਾਈਸੈਂਸ ਲੈਣ ਲਈ 23 ਅਕਤੂਬਰ ਤੋਂ 1 ਨਵੰਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ ਅਰਜ਼ੀਆਂ

hoshiapur administrator

-ਸਿਰਫ ਲਾਈਸੈਂਸ ਧਾਰਕ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਧਾਰਿਤ ਕੀਤੇ ਸਥਾਨਾਂ ’ਤੇ ਕਰ ਸਕਣਗੇ ਪਟਾਕਿਆਂ ਦੀ ਵਿਕਰੀ : ਐਸ.ਡੀ.ਐਮ.
ਹੁਸ਼ਿਆਰਪੁਰ, 21 ਅਕਤੂਬਰ :
ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਦੌਰਾਨ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟੈਂਪਰੇਰੀ ਲਾਈਸੈਂਸ ਜਾਰੀ ਕੀਤੇ ਜਾਣਗੇ ਅਤੇ ਜਿਨ੍ਹਾਂ ਵਿਅਕਤੀਆਂ ਨੇ ਪਟਾਕਿਆਂ ਦੀ ਵਿਕਰੀ ਲਈ ਟੈਂਪਰੇਰੀ ਲਾਈਸੈਂਸ ਲੈਣਾ ਹੈ ਉਹ ਆਪਣੇ ਸਬੰਧਤ ਐਸ.ਡੀ.ਐਮ ਦਫ਼ਤਰ ਵਿੱਚ 23 ਅਕਤੂਬਰ ਤੋਂ 1 ਨਵੰਬਰ ਸ਼ਾਮ 5 ਵਜੇ ਤੱਕ ਅਰਜ਼ੀਆਂ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਪਤ ਬਿਨੈ ਪੱਤਰਾਂ ਵਿਚੋਂ 3 ਨਵੰਬਰ  ਨੂੰ ਸ਼ਾਮ 4 ਵਜੇ ਡਿਪਟੀ ਕਮਿਸ਼ਨਰ ਵਲੋਂ ਲੱਕੀ ਡਰਾਅ ਰਾਹੀਂ ਟੈਂਪਰੇਰੀ ਲਾਈਸੈਂਸ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਵਿਅਕਤੀਆਂ ਦਾ ਲਾਈਸੈਂਸ ਬਣੇਗਾ, ਸਿਰਫ ਉਹ ਹੀ ਵਿਅਕਤੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਧਾਰਿਤ ਕੀਤੇ ਸਥਾਨਾਂ ’ਤੇ ਪਟਾਕੇ ਵੇਚ ਸਕੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ ਕਰਨ ਲਈ ਕੁਝ ਸਥਾਨ ਨਿਰਧਾਰਿਤ ਕੀਤੇ ਜਾਣਗੇ ਅਤੇ ਸਿਰਫ ਇਨ੍ਹਾਂ ਨਿਰਧਾਰਿਤ ਸਥਾਨਾਂ ’ਤੇ ਹੀ ਪਟਾਕਿਆਂ ਦੀ ਵਿਕਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਰਧਾਰਿਤ ਕੀਤੇ ਸਥਾਨਾਂ ਤੋਂ ਇਲਾਵਾ ਹੋਰ ਸਥਾਨਾਂ ’ਤੇ ਪਟਾਕੇ ਵੇਚਣ ’ਤੇ ਪੂਰਨ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸੇ ਅਣਹੋਣੀ ਘਟਨਾ ਨੂੰ ਰੋਕਣ ਸਬੰਧੀ ਪਟਾਕਿਆਂ ਦੀਆਂ ਦੁਕਾਨਾਂ ਖੁੱਲੇ ਸਥਾਨਾਂ ’ਤੇ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਅਤੇ ਨਾਜ਼ੁਕ ਸਥਾਨਾਂ ਜਿਵੇਂ ਕਿ ਹਸਪਤਾਲ, ਸ਼ਾਪਿੰਗ ਕੰਪਲੈਕਸ, ਜ਼ਿਆਦਾ ਭੀੜ ਵਾਲੇ ਸਥਾਨ ਜਿਥੇ ਕਿ ਆਮ ਜਨਤਾ ਦੀ ਆਵਾਜਾਈ ਜ਼ਿਆਦਾ ਹੋਵੇ ਉਥੇ ਪਟਾਕੇ ਨਹੀਂ ਵੇਚੇ ਜਾਣਗੇ।
ਅਮਿਤ ਕੁਮਾਰ ਪੰਚਾਲ ਨੇ ਸਿਵਲ ਸਰਜਨ ਨੂੰ ਐਮਰਜੈਂਸੀ ਸਿਹਤ ਸੁਵਿਧਾਵਾਂ ਦੇਣ ਲਈ ਅਤੇ ਫਾਇਰ ਅਧਿਕਾਰੀ ਨੂੰ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਸਬੰਧੀ ਪਹਿਲਾਂ ਤਂੋ ਹੀ ਉਚਿਤ ਪ੍ਰਬੰਧ ਕਰਨ ਸਬੰਧੀ ਨਿਰਦੇਸ਼ ਦਿੱਤੇ। ਉਨ੍ਹਾਂ ਸਮੂਹ ਤਹਿਸੀਲਦਾਰਾਂ ਅਤੇ ਕਾਰਜਕਾਰੀ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਤੰਗ ਗਲੀਆਂ ਅਤੇ ਲਾਈਸੈਂਸ ਤੋਂ ਬਿਨ੍ਹਾਂ ਕੋਈ ਵੀ ਪਟਾਕੇ ਨਾ ਵੇਚੇ, ਜੇਕਰ ਕੋਈ ਐਸਾ ਕਰਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ, ਐਸ.ਪੀ.ਆਰ.ਪੀ.ਐਸ ਸੰਧੂ, ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਜਤਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਟਾਕੇ ਵੇਚਣ ਵਾਲੇ ਵਿਕਰੇਤਾ ਵੀ ਹਾਜ਼ਰ ਸਨ।

Spread the love