ਪਟਿਆਲਾ, 18 ਸਤੰਬਰ:
ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ‘ਚ ਮੈਡੀਕਲ ਆਕਸੀਜਨ ਦੀ ਸਪਲਾਈ ਦੀ ਮੋਨੀਟਰਿੰਗ ਕਰਨ ਲਈ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਹੈ। ਇਸ ਟੀਮ ‘ਚ ਸਿਵਲ ਸਰਜਨ/ ਸਹਾਇਕ ਸਿਵਲ ਸਰਜਨ, ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਤੇ ਜ਼ੋਨਲ ਲਾਇਸਸਿੰਗ ਅਥਾਰਟੀ/ਡਰੱਗ ਕੰਟਰੋਲ ਅਫ਼ਸਰ ਸ਼ਾਮਲ ਹਨ। ਇਸ ਟੀਮ ਵੱਲੋਂ ਜ਼ਿਲ੍ਹੇ ਅੰਦਰ ਆਕਸੀਜਨ ਦਾ ਰੋਜ਼ਾਨਾ ਉਤਪਾਦਨ, ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ‘ਚ ਮੈਡੀਕਲ ਆਕਸੀਜਨ ਦੀ ਵੰਡ ਦੀ ਮੋਨੀਟਰਿੰਗ ਕੀਤੀ ਜਾਵੇਗੀ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਵੱਲੋਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਇੱਕ ਸੂਬਾ ਪੱਧਰੀ ਟੀਮ ਉਦਯੋਗ ਅਤੇ ਵਣਜ ਵਿਭਾਗ ਵਿਖੇ ਤਾਇਨਾਤ ਰਹੇਗੀ ਜੋ ਮੈਡੀਕਲ ਆਕਸੀਜਨ ਦੀ ਸੂਬੇ ‘ਚ ਰੋਜ਼ਾਨਾ ਉਤਪਾਦਨ ਸਬੰਧੀ ਰਿਪੋਰਟ ਦੇਵੇਗੀ ਅਤੇ ਹਰੇਕ ਜ਼ਿਲ੍ਹੇ ‘ਚ ਮੈਡੀਕਲ ਆਕਸੀਜਨ ਦੀ ਰੋਜ਼ਾਨਾ ਮੰਗ ਅਤੇ ਸਪਲਾਈ ਸਬੰਧੀ ਰਿਪੋਰਟ ਸੂਬਾ ਪੱਧਰੀ ਟੀਮ ਨੂੰ ਦਿੱਤੀ ਜਾਵੇਗੀ।
ਮੈਡੀਕਲ ਆਕਸੀਜਨ ਦਾ ਉਤਪਾਦਨ ਕਰਨ ਵਾਲਾ ਕੋਈ ਵੀ ਯੂਨਿਟ ਸੂਬਾ ਪੱਧਰ ਟੀਮ ਦੀ ਆਗਿਆ ਤੋਂ ਬਿਨਾਂ ਕਿਸੇ ਵੀ ਉਦਯੋਗ ਨੂੰ ਆਕਸੀਜਨ ਸਪਲਾਈ ਨਹੀਂ ਕਰੇਗਾ ਅਤੇ ਇਹ ਹੁਕਮ ਅਗਲੇ 30 ਦਿਨਾਂ ਤੱਕ ਜਾਰੀ ਰਹਿਣਗੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਇਨ੍ਹਾਂ ਹੁਕਮਾਂ ਦੀ ਪਾਲਣਾਂ ਕਰਵਾਉਣਗੇ।