ਜ਼ਿਲ੍ਹੇ ਦੇ ਨਸ਼ਾ ਛੁਡਾਊ ਕੇਂਦਰ ਤੋਂ ਨਸ਼ਿਆਂ ਦੇ ਆਦੀ 64133 ਵਿਅਕਤੀਆਂ ਨੇ ਪਿਛਲੇ ਸਾਢੇ 4 ਸਾਲਾਂ ਦੌਰਾਨ ਇਨਡੋਰ ਤੇ ਆਊਟਡੋਰ ਰਾਹੀਂ ਕਰਵਾਇਆ ਇਲਾਜ : ਡਿਪਟੀ ਕਮਿਸ਼ਨਰ

ਓਟ ਕਲੀਨਿਕ ਵਿਖੇ ਪਿਛਲੇ ਸਾਢੇ 4 ਸਾਲਾਂ ਦੌਰਾਨ 6454 ਵਿਅਕਤੀਆਂ ਨੇ ਇਲਾਜ ਕਰਵਾਇਆ
ਫ਼ਿਰੋਜ਼ਪੁਰ 25 ਜੂਨ 2021
ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸਥਿਤ ਨਸ਼ਾ ਛੁਡਾਊ ਕੇਂਦਰਾਂ ਤੋ ਪਿਛਲੇ ਸਾਢੇ 4 ਸਾਲਾਂ ਦੌਰਾਨ 62735 ਨਸ਼ਿਆਂ ਦੇ ਆਦੀ ਵਿਅਕਤੀਆਂ ਨੇ ਓ.ਪੀ.ਡੀ. ਰਾਹੀਂ ਇਲਾਜ ਕਰਵਾਇਆ ਹੈ ਜਦੋਂ ਕਿ 1398 ਨਸ਼ਿਆਂ ਦੇ ਆਦੀ ਵਿਅਕਤੀਆਂ ਨੇ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਹੋ ਕੇ ਆਪਣਾ ਇਲਾਜ ਕਰਵਾਇਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਖਾਤਮੇ ਲਈ ਕਈ ਕੰਮ ਕੀਤੇ ਗਏ ਅਤੇ ‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ ਇਨ੍ਹਾਂ ਕੇਂਦਰਾਂ ਵਿਚ ਇਲਾਜ, ਕੌਂਸਲਿੰਗ ਲਈ ਪ੍ਰੇਰਿਆ ਗਿਆ ਤਾਂ ਜੋ ਉਹ ਇਲਾਜ ਉਪਰੰਤ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ। ਉਨ੍ਹਾਂ ਦੱਸਿਆ ਕਿ ਇਲਾਜ ਕਰਵਾਉਣ ਉਪਰੰਤ ਜਿੱਥੇ ਇਹ ਲੋਕ ਮੁੱਖ ਧਾਰਾ ਵਿਚ ਪਰਤੇ ਹਨ, ਉੱਥੇ ਹੀ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਵੀ ਮਿਲੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ੇ ਅੱਜ ਦੇ ਦੌਰ ਵਿਚ ਸਭ ਤੋਂ ਵੱਧ ਗੰਭੀਰ ਵਿਸ਼ਾ ਹੈ ਜਿਸ ਦੇ ਖ਼ਾਤਮੇ ਲਈ ਸਾਨੂੰ ਸਭ ਨੂੰ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਸੂਬੇ ਵਿਚ ਲੋਕਾਂ ਨੂੰ ਤੰਦਰੁਸਤ ਬਣਾਉਣ, ਨਸ਼ਿਆਂ ਦੇ ਖ਼ਾਤਮੇ, ਵਾਤਾਵਰਨ ਦੀ ਸੰਭਾਲ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਗ਼ਲਤ ਸੰਗਤ ਵਿਚ ਪੈ ਕੇ ਨਸ਼ਿਆਂ ਦੀ ਦਲਦਲ ਵਿਚ ਫਸ ਜਾਂਦਾ ਹੈ ਤਾਂ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਨੂੰ ਫ਼ਿਰੋਜ਼ਪੁਰ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਲੈ ਕੇ ਆਈਏ ਜਿੱਥੇ ਕਿ ਮਾਹਿਰ ਡਾਕਟਰ ਵੱਲੋਂ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਇਲਾਜ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਢੇ 4 ਸਾਲਾਂ ਦੌਰਾਨ 6454 ਵਿਅਕਤੀ ਓਟ ਕਲੀਨਿਕ ਦਾ ਲਾਭ ਲੈ ਚੁੱਕੇ ਹਨ। ਉਨ੍ਹਾਂ ਕਿਹਾ ਓਟ ਕਲੀਨਿਕ ਵਿਖੇ ਨਸ਼ਿਆਂ ਦੇ ਆਦੀ ਵਿਅਕਤੀਆਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਜਾਂਦਾ ਹੈ ਤਾਂ ਜੋ ਉਹ ਵਿਅਕਤੀ ਨਸ਼ਿਆਂ ਦੀ ਲੱਤ ਤੋਂ ਦੂਰ ਰਹਿਣ।

Spread the love