ਦੂਰਦਰਸ਼ਨ ਅਤੇ ਐਜੂਕੇਅਰ ਐਪ ਰਾਹੀਂ ਵੀ ਨਿਰੰਤਰ ਉਪਰਾਲੇ ਜਾਰੀ
ਬਰਨਾਲਾ, 10 ਮਈ
ਸੂਬੇ ‘ਚ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਵਿਦਿਆਰਥੀਆਂ ਲਈ ਵਿੱਦਿਅਕ ਸੰਸਥਾਵਾਂ ਬੰਦ ਹੋਣ ਦੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਤਰੀਕੇ ਨਿਰੰਤਰ ਜਾਰੀ ਰੱਖੀ ਜਾ ਰਹੀ ਹੈ।ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਬਕਾਇਦਾ ਵਿਸ਼ਾਵਾਰ ਟਾਈਮ ਟੇਬਲ ਬਣਾ ਵੱਖ-ਵੱਖ ਸੋਸ਼ਲ ਮੀਡੀਆ ਐਪਸ ਰਾਹੀਂ ਵਿਦਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਲਗਾਈਆਂ ਜਾ ਰਹੀਆਂ ਹਨ।
ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਲਗਾਈਆਂ ਜਾ ਰਹੀਆਂ ਆਨਲਾਈਨ ਜਮਾਤਾਂ ਬਾਰੇ ਦੱਸਦਿਆਂ ਕਿਹਾ ਕਿ ਬਰਨਾਲਾ ਜਿਲ੍ਹਾ ਪੰਜਾਬ ਦੇ ਉਨ੍ਹਾਂ 12 ਜਿਲ੍ਹਿਆਂ ‘ਚ ਸ਼ਾਮਿਲ ਹੈ, ਜਿਸ ਦੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ।ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਜਿੱਥੇ ਅਧਿਆਪਕਾਂ ਵੱਲੋਂ ਜ਼ੂਮ ਅਤੇ ਵਟਸ ਐਪ ਰਾਹੀਂ ਵਿਦਿਆਰਥੀਆਂ ਨੂੰ ਹਰ ਰੋਜ਼ ਸਕੂਲ ਵਾਂਗ ਹੀ ਆਨਲਾਈਨ ਜਮਾਤਾਂ ਜਰੀਏ ਪੜ੍ਹਾਇਆ ਜਾ ਰਿਹਾ ਹੈ,ਉੱਥੇ ਹੀ ਦੂਰਦਰਸ਼ਨ ਦੇ ਖੇਤਰੀ ਚੈਨਲ ਡੀ.ਡੀ. ਪੰਜਾਬੀ ਰਾਹੀਂ ਸੋਮਵਾਰ ਤੋਂ ਸ਼ਨੀਵਾਰ ਤੱਕ ਵਿਭਾਗ ਦੇ ਮਾਹਿਰ ਅਧਿਆਪਕਾਂ ਵੱਲੋਂ ਆਨਲਾਈਨ ਜਮਾਤਾਂ ਲਗਾਈਆਂ ਜਾ ਰਹੀਆਂ ਹਨ।ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਦੂਰਦਰਸ਼ਨ ਤੋਂ ਲੱਗਣ ਵਾਲੀਆਂ ਜਮਾਤਾਂ ਬਾਰੇ ਅਗਾਊਂ ਸੂਚਨਾ ਦੇਣ ਦੇ ਨਾਲ-ਨਾਲ ਇਨ੍ਹਾਂ ਜਮਾਤਾਂ ਦੌਰਾਨ ਪੜ੍ਹਾਈ ਪੱਖੋਂ ਕਿਸੇ ਕਿਸਮ ਦੇ ਰਹਿ ਗਏ ਤੌਖਲੇ ਵੀ ਦੂਰ ਕੀਤੇ ਜਾਂਦੇ ਹਨ।
ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਅਤੇ ਦੂਰਦਰਸ਼ਨ ਮਾਧਿਅਮਾਂ ਜਰੀਏ ਆਨਲਾਈਨ ਜਮਾਤਾਂ ਲਗਾਉਣ ਦੇ ਨਾਲ-ਨਾਲ ਸਕੂਲ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੀ ਗਈ “ਐਜੂਕੇਅਰ ਐਪ” ‘ਤੇ ਵੀ ਸਾਰੀਆਂ ਜਮਾਤਾਂ ਦੇ ਸਾਰੇ ਵਿਸ਼ਿਆਂ ਦਾ ਪਾਠਕ੍ਰਮ ਅਤੇ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਗਈ ਹੈ।ਇਸ ਐਪ ਤੋਂ ਵਿਦਿਆਰਥੀ ਆਪਣੀ ਜਰੂਰਤ ਅਨੁਸਾਰ ਜਦੋਂ ਮਰਜੀ ਪੜ੍ਹਨ ਸਮੱਗਰੀ ਪੜ੍ਹ ਅਤੇ ਡਾਊਨਲੋਡ ਕਰ ਸਕਦੇ ਹਨ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਨਿਰੰਤਰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਫੋਨ ਜ਼ਰੀਏ ਪੜ੍ਹਾਈ ਸਬੰਧੀ ਵਿਚਾਰ ਚਰਚਾ ਕੀਤੀ ਜਾਂਦੀ ਹੈ।
ਵਿਦਿਆਰਥੀਆਂ ਦੇ ਬੱਡੀ ਗਰੁੱਪ ਵੀ ਬਣਾਏ ਗਏ ਹਨ। ਬਹੁਤ ਸਾਰੇ ਮਾਹਿਰ ਅਧਿਆਪਕਾਂ ਵੱਲੋਂ ਨਿੱਜੀ ਯੂ-ਟਿਊਬ ਚੈਨਲ ਬਣਾਕੇ, ਵੀ ਵਿਦਿਆਰਥੀਆਂ ਲਈ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।ਸਰਕਾਰੀ ਹਾਈ ਸਕੂਲ ਨੰਗਲ ਦੇ ਹੈਡਮਾਸਟਰ ਕਮਲਜੀਤ ਸ਼ਰਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੇ ਪ੍ਰਿੰਸੀਪਲ ਰੇਨੂ ਬਾਲਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਮੁੰਡੇ) ਠੀਕਰੀਵਾਲਾ ਦੇ ਪ੍ਰਿੰਸੀਪਲ ਸਰਬਜੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਕੁੜੀਆਂ) ਠੀਕਰੀਵਾਲਾ ਦੇ ਪ੍ਰਿੰਸੀਪਲ ਸੰਜੇ ਸਿੰਗਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਕੁੜੀਆਂ) ਧਨੌਲਾ ਦੇ ਪ੍ਰਿੰਸੀਪਲ ਨਿਰਮਲਾ ਦੇਵੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਦੇ ਪ੍ਰਿੰਸੀਪਲ ਨੀਰਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਦੇ ਇੰਚਾਰਜ਼ ਜਗਤਾਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਕੁੜੀਆਂ) ਬਰਨਾਲਾ ਦੇ ਪ੍ਰਿੰਸੀਪਲ ਵਿਨਸੀ ਜਿੰਦਲ,ਸਰਕਾਰੀ ਮਿਡਲ ਸਕੂਲ ਕਲਾਲਾ ਦੇ ਇੰਚਾਰਜ਼ ਨਵਜੋਤ ਕੌਰ, ਸਰਕਾਰੀ ਮਿਡਲ ਸਕੂਲ ਪੱਤੀ ਸੇਖਵਾਂ ਦੇ ਇੰਚਾਰਜ ਹਰਦੇਵ ਸਿੰਘ ਅਤੇ ਸਰਕਾਰੀ ਹਾਈ ਸਕੂਲ ਵਜੀਦਕੇ ਖੁਰਦ ਦੇ ਹੈਡਮਾਸਟਰ ਜਸਵਿੰਦਰ ਸਿੰਘ ਸਮੇਤ ਬਹੁਤ ਸਾਰੇ ਸਕੂਲਾਂ ਦੇ ਮੁਖੀਆਂ ਨੇ ਦੱਸਿਆ ਕਿ ਉਹਨਾਂ ਦੇ ਸਕੂਲਾਂ ਦੇ ਅਧਿਆਪਕਾਂ ਵੱਲੋਂ ਰੋਜ਼ਾਨਾ ਵਿਦਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਲਗਾ ਕੇ ਪੜ੍ਹਾਈ ਕਰਵਾਈ ਜਾ ਰਹੀ ਹੈ।ਮੋਬਾਈਲ ਜਾਂ ਇੰਟਰਨੈੱਟ ਦੀ ਸਮੱਸਿਆ ਵਾਲੇ ਵਿਦਿਆਰਥੀਆਂ ਨੂੰ ਬੱਡੀ ਵਿਦਿਆਰਥੀਆਂ ਦੀ ਮੱਦਦ ਨਾਲ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ।