ਹਰੇਕ ਲਾਭਪਾਤਰੀ ਨੂੰ ਦੋ ਮਹੀਨੇ ਲਈ ਦਿੱਤੀ ਜਾ ਰਹੀ ਹੈ ਮੁਫ਼ਤ ਕਣਕ
ਫਾਜ਼ਿਲਕਾ, 4 ਜੂਨ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਕਣਕ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਕਾਲ ਦੇ ਵਿਚ ਯੋਜਨਾ ਤਹਿਤ ਕਣਕ ਦੀ ਵੰਡ ਲੋੜਵੰਦਾਂ ਲਈ ਸਹਾਈ ਸਿੱਧ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋ਼ ਵਿਭਾਗ ਨੂੰ ਲੋੜਵੰਦਾਂ ਲਈ 2 ਮਹੀਨਿਆਂ ਦੀ ਕਣਕ ਦੀ ਵੰਡ ਕਰਨ ਦੀ ਹਦਾਇਤਾਂ ਪ੍ਰਾਪਤ ਹੋਈਆਂ ਹਨ ਜਿਸ ਤਹਿਤ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਕੀਤੀ ਜਾ ਰਹੀ ਹੈ।
ਇਸ ਸਬੰਧੀ ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਸਮਾਰਟ ਰਾਸ਼ਨ ਕਾਰਡ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਜਿਸ ਤਹਿਤ ਲਾਭਪਾਤਰੀ ਕਿਸੇ ਵੀ ਡਿਪੂ ਤੋਂ ਜਾ ਕੇ ਕਣਕ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਡਿਪੂ ਹੋਲਡਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਲਾਭਪਾਤਰੀ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਨਾਜ ਦੀ ਵੰਡ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇ। ਉਨ੍ਹਾਂ ਅਧਿਕਾਰਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸਹੀ ਤੋਲ ਨਾਲ ਪੂਰੀ ਮਾਤਰਾ ਵਿਚ ਕਣਕ ਮੁਹੱਈਆ ਕਰਵਾਈ ਜਾਵੇ।
ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਜ਼ਿਲੇ ਵਿੱਚ 1 ਲੱਖ 72 ਹਜ਼ਾਰ 67 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦੀ ਵੰਡ ਕੀਤੀ ਜਾਣੀ ਹੈ, ਇਸ ਅਨਾਜ ਵੰਡ ਤਹਿਤ ਗਰੀਬ ਪਰਿਵਾਰਾਂ ਨੂੰ 5 ਕਿੱਲੋਗ੍ਰਾਮ ਪ੍ਰਤੀ ਜੀਅ ਪ੍ਰਤੀ ਮਹੀਨਾ ਕਣਕ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਹ ਅਨਾਜ ਮਈ ਤੇ ਜੂਨ ਮਹੀਨਿਆਂ ਦਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਉਨਾਂ ਨੂੰ 10 ਕਿਲੋ ਕਣਕ ਪ੍ਰਤੀ ਜੀਅ ਦੇ ਹਿਸਾਬ ਨਾਲ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲੇ ਵਿੱਚ 727 ਰਾਸ਼ਨ ਡਿੱਪੂਆਂ ਰਾਹੀਂ ਕੀਤੀ ਜਾ ਰਹੀ ਅਨਾਜ ਦੀ ਵੰਡ ਦੌਰਾਨ ਲੋਕਾਂ ਨੂੰ ਸਹੀ ਤੋਲ ਤੇ ਪੂਰੀ ਮਾਤਰਾ ਵਿੱਚ ਮੁਹੱਈਆ ਕਰਵਾਉਣ `ਤੇ ਪੂਰਾ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਓਝਾਂ ਵਾਲੀ, ਕਰਨੀ ਖੇੜਾ, ਟਾਹਲੀ ਵਾਲਾ ਬੋਦਲਾ, ਮੂਲਿਆਂ ਵਾਲੀ, ਕਬੂਲ ਸ਼ਾਹ, ਮਾਹੂੰਆਣਾ ਬੋਦਲਾ, ਸ਼ਮਸ਼ਾਬਾਦ, ਰਾਣਾ ਮਲਕਾਣਾ ਮੁਹੱਲਾ ਫਾਜਿਲਕਾ, ਸੁਰੇਸ਼ ਵਾਲਾ, ਨਵਾਂ ਹਸਤਾਂ ਵਿਖੇ ਕਣਕ ਦੀ ਵੰਡ ਕੀਤੀ ਗਈ।ਉਨਾਂ ਦੱਸਿਆ ਕਿ ਜ਼ਿਲੇ ਵਿੱਚ ਆਉਣ ਵਾਲੇ ਦਿਨਾਂ ਵਿੱੱਚ ਇਨਾਂ ਪਰਿਵਾਰਾਂ ਦਰਮਿਆਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਅਨਾਜ ਦੀ ਵੰਡ ਨੂੰ ਮੁਕੰਮਲ ਕਰ ਲਿਆ ਜਾਵੇਗਾ।