ਜ਼ਿਲ੍ਹੇ ਦੇ 41 ਸੇਵਾ ਕੇਂਦਰ ਲੋਕਾਂ ਨੂੰ ਸਮੇਂ ਸਿਰ ਮੁਹੱਈਆ ਕਰਵਾ ਰਹੇ ਨੇ ਸੇਵਾਵਾਂ

Sewa Kendra
ਸੇਵਾ ਕੇਂਦਰਾਂ ਦਾ ਸਮਾਂ ਬਦਲ ਕੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ ਕੀਤਾ : ਡਿਪਟੀ ਕਮਿਸ਼ਨਰ

ਜ਼ਿਲ੍ਹੇ ‘ਚ ਪੈਂਡਿੰਗ ਅਰਜ਼ੀਆਂ ਦੀ ਦਰ ਅੱਧਾ ਫ਼ੀਸਦੀ ਤੋਂ ਵੀ ਘੱਟ
ਸੇਵਾ ਕੇਂਦਰਾਂ ‘ਚ ਵੱਖ ਵੱਖ ਵਿਭਾਗਾਂ ਨਾਲ ਸਬੰਧਤ 332 ਸੇਵਾਵਾਂ ਉਪਲਬਧ : ਡਿਪਟੀ ਕਮਿਸ਼ਨਰ
ਪਟਿਆਲਾ, 5 ਅਗਸਤ 2021
ਡਿਜੀਟਲ ਯੁੱਗ ‘ਚ ਕੰਮਕਾਜ ਨੂੰ ਵਧੇਰੇ ਪਾਰਦਰਸ਼ੀ ਤੇ ਕਾਰਗਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸੇਵਾ ਕੇਂਦਰ ਲੋਕਾਂ ਨੂੰ ਸਮੇਂ ਸਿਰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਪਟਿਆਲਾ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ‘ਚ ਸਥਾਪਤ ਕੀਤੇ ਗਏ 41 ਸੇਵਾ ਕੇਂਦਰਾਂ ‘ਚ ਨਾਗਰਿਕਾਂ ਨੂੰ 332 ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸੇਵਾ ਕੇਂਦਰਾਂ ‘ਚ ਮਿਲ ਰਹੀਆਂ ਸਮਾਂਬੱਧ ਸੇਵਾਵਾਂ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਬੰਧੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਮਹਿਕਮਿਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨੂੰ ਸਮੇਂ ਸਿਰ ਸੇਵਾਵਾਂ ਦੇਣ ਦੀਆਂ ਸਖਤ ਹਿਦਾਇਤਾਂ ਜਾਰੀ ਕੀਤੀਆਂ ਗਈ ਹਨ, ਜਿਸ ਸਦਕਾ ਜ਼ਿਲ੍ਹੇ ਵਿਚ ਪੈਂਡਿੰਗ ਅਰਜ਼ੀਆਂ ਦੀ ਦਰ ਅੱਧਾ ਫ਼ੀਸਦੀ ਤੋਂ ਵੀ ਘੱਟ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਸਥਾਪਤ 41 ਸੇਵਾ ਕੇਂਦਰਾਂ ਵਿਚੋਂ 18 ਸ਼ਹਿਰੀ ਖੇਤਰ ਤੇ 23 ਪੇਂਡੂ ਖੇਤਰ ‘ਚ ਹਨ ਤੇ ਉਥੇ ਵੱਖ ਵੱਖ ਵਿਭਾਗਾਂ ਨਾਲ ਸਬੰਧਤ 332 ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਜਨਮ/ਮੌਤ ਦੇ ਸਰਟੀਫਿਕੇਟ ਤੋਂ ਲੈਕੇ ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਵਿਆਹ ਦੀ ਰਜਿਸਟਰੇਸ਼ਨ, ਸ਼ਿਕਾਇਤਾਂ ਤੇ ਆਧਾਰ ਕਾਰਡ ਤੋਂ ਇਲਾਵਾ ਜਮੀਨ ਦੀ ਫ਼ਰਦ ਵਰਗੀਆਂ ਸੇਵਾਵਾਂ ਵੀ ਉਪਲਬਧ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ/ਈ.ਗਵਰਨੈਂਸ ਸੁਸਾਇਟੀ, ਪੰਜਾਬ ਵੱਲੋਂ ਜ਼ਿਲ੍ਹੇ ‘ਚ ਜ਼ਿਲ੍ਹਾ ਈ. ਗਵਰਨੈਂਸ ਕੋਆਰਡੀਨੇਟਰ ਰੋਬਿਨ ਸਿੰਘ ਅਤੇ ਸਹਾਇਕ ਜ਼ਿਲ੍ਹਾ ਈ.ਗਵਰਨੈਂਸ ਕੋਆਰਡੀਨੇਟਰ ਪੁਸ਼ਪਿੰਦਰ ਜੋਸ਼ੀ ਤਾਇਨਾਤ ਕੀਤੇ ਗਏ ਹਨ ਜੋ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਦੇਣ, ਕੰਪਨੀ ਵੱਲੋਂ ਲੋਕਾਂ ਦੀ ਸਹੂਲਤ ਲਈ ਕੀਤੇ ਪ੍ਰਬੰਧ, ਸੇਵਾ ਕੇਂਦਰਾਂ ਦੀ ਸਾਂਭ ਸੰਭਾਲ ਸਬੰਧੀ ਅਤੇ ਸੇਵਾ ਕੇਂਦਰਾਂ ਦੇ ਸਟਾਫ਼ ਸਬੰਧੀ ਕੰਪਨੀ ਨਾਲ ਹੋਏ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਸਮੇਂ-ਸਮੇਂ ਸੇਵਾ ਕੇਂਦਰਾਂ ਦੀ ਨਿਗਰਾਨੀ ਅਤੇ ਸਮੀਖਿਆ ਕਰਕੇ ਉਚ ਅਧਿਕਾਰੀਆਂ ਨੂੰ ਰਿਪੋਰਟ ਪੇਸ਼ ਕਰਕੇ ਕਾਰਵਾਈ ਸਬੰਧੀ ਸਿਫ਼ਾਰਸ਼ ਕਰਦੇ ਹਨ।

Spread the love