ਵੱਖ-ਵੱਖ ਪ੍ਰੋਗਰਾਮਾਂ ’ਤੇ ਹੁਣ ਕੀਤਾ ਜਾ ਸਕੇਗਾ 100 ਵਿਅਕਤੀਆਂ ਦਾ ਇਕੱਠ
ਬਰਨਾਲਾ, 3 ਅਕਤੂਬਰ :
ਕੋਵਿਡ-19 ਸਬੰਧੀ ਪੰਜਾਬ ਸਰਕਾਰ ਤੋਂ ਪ੍ਰਾਪਤ ਹੋਈਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲ੍ਹਾ ਬਰਨਾਲਾ ’ਚ ਅਨਲਾਕ ਸਬੰਧੀ ਸੋਧੇ ਹੋਏ ਹੁਕਮ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕੰਟੇਨਮੈਂਟ ਜੋਨਾਂ ’ਚ ਸਿਰਫ਼ ਜ਼ਰੂਰੀ ਗਤੀਵਿਧੀਆਂ ਹੀ ਪ੍ਰਵਾਨਿਤ ਹੋਣਗੀਆਂ। ਕੰਟੇਨਮੈਂਟ ਜੋਨਾਂ ਵਿੱਚ ਆਉਣ-ਜਾਣ ਲਈ ਸਿਰਫ਼ ਮੈਡੀਕਲ ਜਾਂ ਜ਼ਰੂਰੀ ਵਸਤੂਆਂ ਦੀ ਸਪਲਾਈ ਸਬੰਧੀ ਆਵਾਜਾਈ ਹੀ ਹੋਵੇਗੀ। ਕੰਟੇਨਮੈਂਟ ਜੋਨਾਂ ਵਿਚ ਲਾਕਡਾਊਨ ਦੀ ਮਿਆਦ 31 ਅਕਤੂਬਰ 2020 ਤੱਕ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮਾਂ ’ਚ ਕਿਹਾ ਕਿ ਹਫ਼ਤਾਵਰੀ ਕਰਫ਼ਿਊ ਹੁਣ ਜ਼ਿਲ੍ਹਾ ਬਰਨਾਲਾ ’ਚ ਨਹੀਂ ਹੋਵੇਗਾ। ਹਰ ਪ੍ਰਕਾਰ ਦੀਆਂ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ ਖੋਲ੍ਹੀਆਂ ਜਾ ਸਕਣਗੀਆਂ ਅਤੇ ਸਮੇਂ ਦੀ ਕੋਈ ਪਾਬੰਦੀ ਨਹੀਂ ਹੋਵੇਗੀ। ਇਸੇ ਤਰ੍ਹਾਂ ਕੰਟੇਨਮੈਂਟਾਂ ਜੋਨਾਂ ਤੋਂ ਬਾਹਰ ਹਰ ਪ੍ਰਕਾਰ ਦੀਆਂ ਦੁਕਾਨਾਂ, ਰੈਸਟੋਰੈਂਟ, ਹੋਟਲ, ਸ਼ਰਾਬ ਦੇ ਠੇਕੇ ਆਦਿ ਖੋਲ੍ਹਣ ਦੀ ਪ੍ਰਵਾਨਗੀ ਹੋਵੇਗੀ ਅਤੇ ਸਮੇਂ ਦੀ ਕੋਈ ਪਾਬੰਦੀ ਨਹੀਂ ਹੋਵੇਗੀ।
ਇਸੇ ਤਰ੍ਹਾਂ ਹੀ ਕੰਟੇਨਮੈਂਟ ਜੋਨਾਂ ਤੋਂ ਬਾਹਰ ਸਮਾਜਿਕ, ਧਾਰਮਿਕ, ਸੱਭਿਆਚਾਰਕ, ਰਾਜਨੀਤਿਕ, ਖੇਡ, ਮਨੋਰੰਜਨ ਆਦਿ ਪ੍ਰੋਗਰਾਮਾਂ ਦੀ ਆਗਿਆ ਹੋਵੇਗੀ, ਬਸਰਤੇ ਇਨ੍ਹਾਂ ਪ੍ਰੋਗਰਾਮਾਂ ’ਚ 100 ਵਿਅਕਤੀਆਂ ਤੋਂ ਵੱਧ ਦਾ ਇਕੱਠ ਨਾ ਕੀਤਾ ਜਾਵੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ‘ਸਟੈਂਡਰਡ ਓਪ੍ਰੇਟਿੰਗ ਪ੍ਰੋਟੋਕਾਲ’ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣੀ ਹੋਵੇਗੀ। ਇਸ ਤੋਂ ਇਲਾਵਾ ਵਿਆਹ ਸਮਾਗਮਾਂ ਅਤੇ ਮਰਗ ਨਾਲ ਸਬੰਧਤ ਇਕੱਠਾਂ ’ਚ ਵੀ 100 ਵਿਅਕਤੀਆਂ ਦੇ ਇਕੱਠ ਦੀ ਪ੍ਰਵਾਨਗੀ ਹੋਵੇਗੀ। ਇਸੇ ਤਰ੍ਹਾਂ ਹਰ ਪ੍ਰਕਾਰ ਦੇ ਵਾਹਨਾਂ ਵਿੱਚ ਸਵਾਰੀਆਂ ਦੀ ਗਿਣਤੀ ਦੀ ਕੋਈ ਪਾਬੰਦੀ ਨਹੀਂ ਹੋਵੇਗੀ, ਵਾਹਨ ਵਿੱਚ ਸਮਰੱਥਾ ਅਨੁਸਾਰ ਸਵਾਰੀਆਂ ਬਿਠਾਈਆਂ ਜਾ ਸਕਣਗੀਆਂ, ਪ੍ਰੰਤੂ ਵਾਹਨ ਦੇ ਸ਼ੀਸ਼ੇ ਖੁੱਲ੍ਹੇ ਰੱਖਣ ਤੋਂ ਇਲਾਵਾ ਸਵਾਰੀਆਂ ਦੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮਾਂ ’ਚ ਕਿਹਾ ਕਿ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਕਿਸੇ ਰੋਗ ਤੋਂ ਪੀੜ੍ਹਤ ਵਿਅਕਤੀ, ਗਰਭਵਤੀ ਔਰਤਾਂ ਅਤੇ 10 ਸਾਲ ਦੀ ਉਮਰ ਤੋਂ ਘੱਟ ਬੱਚੇ ਘਰ ਵਿੱਚ ਹੀ ਰਹਿਣ ਨੂੰ ਤਰਜੀਹ ਦੇਣ। ਸਿਵਾਏ ਕਿਸੇ ਜ਼ਰੂਰੀ ਅਤੇ ਸਿਹਤ ਸਬੰਧੀ ਐਮਰਜੈਂਸੀ ਦੀ ਸੂਰਤ ਵਿੱਚ।
ਕਿਸੇ ਵੀ ਤਰ੍ਹਾਂ ਦੇ ਇਕੱਠਾਂ ਅਤੇ ਜਨਤਕ ਸਥਾਨਾਂ ’ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਤੇ ਇਸ ਦੌਰਾਨ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ।
ਇਨ੍ਹਾਂ ਹਦਾਇਤਾਂ ਦੀ ਉਲੰਘਣਾ ’ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।