ਜ਼ਿਲ੍ਹੇ ਵਿਚ ਗਿਰਦਾਵਰੀ ਦਾ 70 ਫੀਸਦੀ ਕੰਮ ਮੁਕੰਮਲ, ਬਾਕੀ ਸੋਮਵਾਰ ਤੱਕ ਪੂਰੀ ਕਰ ਲਈ ਜਾਵੇਗੀ : ਸੋਨਾਲੀ ਗਿਰੀ

ਡਿਪਟੀ ਕਮਿਸ਼ਨਰ ਵਲੌਂ ਕਿਸਾਨ ਜਥੇਬੰਦੀਆਂ ਨੂੰ ਲੋਕ ਹਿੱਤ ਵਿਚ ਰਾਸ਼ਟਰੀ ਰਾਜ ਮਾਰਗ `ਤੇ ਜਾਮ ਨਾ ਲਾਉਣ ਦੀ ਅਪੀਲ
ਰੂਪਨਗਰ, 10 ਸਤੰਬਰ 2021 ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ 11 ਸਤੰਬਰ ਨੂੰ ਬੁੰਗਾ ਸਾਹਿਬ ਵਿਖੇ ਰਾਸ਼ਟਰੀ ਰਾਜਮਾਰਗ `ਤੇ ਨਾ ਜਾਮ ਲਾਉਣ।ਉਨ੍ਹਾਂ ਨਾਲ ਹੀ ਦੱਸਿਆ ਕਿ ਰੋਪੜ ਜ਼ਿਲ੍ਹੇ ਵਿਚ ਖਰਾਬ ਹੋਈ ਮੱਕੀ ਦੀ ਫਸਲ ਦੀ 70 ਫੀਸਦੀ ਗਿਰਦਾਵਰੀ ਮੁਕਮਲ ਹੋ ਚੁੱਕੀ ਹੈ ਅਤੇ ਬਾਕੀ ਵੀ ਸੋਮਵਾਰ ਤੱਕ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਵਿਚ ਪਟਵਾਰੀਆਂ ਦੀ ਹੜਤਾਲ ਕਾਰਨ ਗਿਰਦਾਵਰੀ ਵਿਚ ਕੁਝ ਦੇਰੀ ਹੋਈ ਹੈ, ਪਰ ਹੁਣ ਪਟਵਾਰੀਆਂ ਦੀ ਹੜਤਾਲ ਖਤਮ ਹੋ ਗਈ ਹੈ।ਪਟਵਾਰੀ ਮੁੜ ਤੋਂ ਕੰਮ `ਤੇ ਪਰਤ ਆਏ ਹਨ ਅਤੇ ਰਹਿੰਦੀ ਗਿਰਦਾਵਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੋਮਵਾਰ ਤੱਕ ਮੁਕੰਮਲ ਕਰ ਲਈ ਜਾਵੇਗੀ।
ਉਨ੍ਹਾਂ ਨਾਲ ਹੀ ਕਿਹਾ ਕਿ ਇਹ ਰਾਸ਼ਟਰੀ ਮਾਰਗ `ਤੇ ਜਾਮ ਨਾ ਲਾਇਆ ਜਾਵੇ ਕਿਉਂਕਿ ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲਾ ਅਹਿਮ ਸੜਕ ਸੰਪਰਕ ਹੈ।ਇਸ ਮਾਰਗ ਰਾਂਹੀ ਬਹੁਤ ਸਾਰੇ ਸ਼ਰਧਾਲੂ ਹਿਮਾਚਲ ਪ੍ਰਦੇਸ਼ ਵਿਚ ਕਈ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਜਾਂਦੇ ਹਨ ਅਤੇ ਸ੍ਰੀ ਅੰਨਦਪੁਰ ਸਾਹਿਬ ਵੀ ਬਹੁਤ ਸਾਰੇ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ।ਇਸ ਲਈ ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨਿਪਟਾਰਾ ਜਲਦ ਕੀਤਾ ਜਾਵੇਗਾ, ਪਰ ਰਾਸ਼ਟਰੀ ਰਾਜ ਮਾਰਗ ਰੋਕ ਕੇ ਰਾਹੀਗਰਾਂ ਅਤੇ ਸ਼ਰਧਾਲੂਆਂ ਲਈ ਮੁਸੀਬਤਾਂ ਨਾ ਪੈਦਾ ਕੀਤੀਆਂ ਜਾਣ।

Spread the love