ਜ਼ਿਲ੍ਹੇ ਵਿਚ 3 ਜੁਲਾਈ ਨੂੰ ਲੱਗ ਰਹੇ ਹਨ ਕੋਵਿਡ ਮੈਗਾ ਟੀਕਾਕਰਨ ਕੈਂਪ : ਡਾ. ਵਿਕਰਾਂਤ ਨਾਗਰਾ

ਮੋਹਾਲੀ, 2 ਜੁਲਾਈ 2021 ਜ਼ਿਲ੍ਹਾ ਐਸ.ਏ.ਐਸ. ਨਗਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ 3 ਜੁਲਾਈ ਨੂੰ ਕੋਵਿਡ ਮੈਗਾ ਟੀਕਾਕਰਨ ਕੈਂਪ ਲਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਕਾਰਜਕਾਰੀ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵਿਕਰਾਂਤ ਨਾਗਰਾ ਨੇ ਦਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦਾ ਮੰਤਵ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕੋਵਿਡ-ਰੋਕੂ ਦਵਾਈ ਦੀ ਕੋਈ ਘਾਟ ਨਹੀਂ ਅਤੇ ਇਸ ਵੇਲੇ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ ਅਤੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੇ ਹਾਲੇ ਤਕ ਟੀਕਾ ਨਹੀਂ ਲਗਵਾਇਆ, ਉਨ੍ਹਾਂ ਨੂੰ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਲਾਭ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਜਿਥੇ ਮਾਸਕ ਪਾਉਣਾ, ਵਾਰ-ਵਾਰ ਹੱਥ ਧੋਣੇ ਅਤੇ ਦੋ ਗਜ਼ ਦੀ ਦੂਰੀ ਰਖਣਾ ਬਹੁਤ ਜ਼ਰੂਰੀ ਹੈ, ਉਥੇ ਕੋਵਿਡ ਟੀਕਾਕਰਨ ਕਰਵਾਉਣ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਇਹ ਦਵਾਈ ਕੋਵਿਡ ਮਹਾਂਮਾਰੀ ਨਾਲ ਲੜਨ ਦੀ ਤਾਕਤ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਦਵਾਈ ਦਾ ਕੋਈ ਮਾੜਾ ਅਸਰ ਨਹੀਂ ਪੈਂਦਾ ਅਤੇ ਇਹ ਬਿਲਕੁਲ ਸੁਰੱਖਿਅਤ ਹੈ। ਕਿਸੇ ਵੀ ਜਾਣਕਾਰੀ ਜਾਂ ਸਿਹਤ ਸਮੱਸਿਆ ਸਬੰਧੀ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਫ਼ੋਟੋ ਕੈਪਸ਼ਨ : ਡਾ. ਵਿਕਰਾਂਤ ਨਾਗਰਾ।
Spread the love