ਜ਼ਿਲ੍ਹੇ ਵਿੱਚ ਕਰੋਨਾ ਦੇ ਪਾਜ਼ੀਟਿਵ ਕੇਸ ਆਉਣ ਦੀ ਦਰ ਘਟੀ, ਪਰ ਖਤਰਾ ਅਜੇ ਵੀ ਬਰਕਰਾਰ-ਡਿਪਟੀ ਕਮਿਸ਼ਨਰ

ਜਿਲ੍ਹੇ ਵਿੱਚ ਕੋਵਿਡ-19 ਦੀ ਜਾਂਚ ਲਈ ਹੁਣ ਤੱਕ 51 ਹਜ਼ਾਰ ਤੋਂ ਜਿਆਦਾ ਕੀਤੇ ਗਏ ਕਰੋਨਾ ਟੈਸਟ
ਤਰਨ ਤਾਰਨ, 10 ਅਕਤੂਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਵੇਂ ਬਾਕੀ ਦੇਸ਼ ਵਾਂਗ ਜ਼ਿਲ੍ਹਾ ਤਰਨ ਤਾਰਨ ਵਿੱਚ ਵੀ ਕਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਦਰ ਵਿਚ ਕਮੀ ਆਈ ਹੈ, ਪਰ ਜ਼ਿਆਦਾ ਮੌਤ ਦਰ ਕਾਰਨ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਦਾ ਖਤਰਾ ਅਜੇ ਵੀ ਬਰਕਰਾਰ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਅੰਦਰ ਮੌਤ ਦਰ (ਕੇਸ ਫਟਿਲਟੀ ਰੇਟ) ਅਜੇ ਵੀ 4.1 ਫੀਸਦੀ ਹੈ, ਜੋ ਕਿ ਪੰਜਾਬ ਭਰ ਦੇ 3 ਫੀਸਦੀ ਦੇ ਮੁਕਾਬਲੇ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕਰੋਨਾ ਦੇ ਟੈਸਟਾਂ ਵਿਚ ਕਾਫੀ ਤੇਜ਼ੀ ਲਿਆਂਦੀ ਗਈ ਹੈ, ਜਿਸ ਨਾਲ ਹੁਣ ਤੱਕ 51,976 ਟੈਸਟ ਕੀਤੇ ਜਾ ਚੁੱਕੇ ਹਨ, ਜਦਕਿ ਹੁਣ ਰੋਜ਼ਾਨਾ ਦੇ ਆਧਾਰ ’ਤੇ 1000 ਤੱਕ ਟੈਸਟ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਵੇਖਣ ਵਿਚ ਆਇਆ ਹੈ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਮਹਾਂਮਾਰੀ ਦੇ ਕੇਸ ਘਟਣ ਅਤੇ ਲੋਕਾਂ ਦੇ ਕਾਰੋਬਾਰ ਨੂੰ ਬਚਾਉਣ ਲਈ ਲਾੱਕਡਾਊਨ ਸਬੰਧੀ ਛੋਟਾਂ ਵਿਚ ਵਾਧਾ ਕਰਨ  ਕਾਰਨ ਲੋਕ ਕਰੋਨਾ ਦੀ ਗੰਭੀਰਤਾ ਤੋਂ ਸਮਝ ਨਹੀਂ ਰਹੇ, ਜਿਸ ਕਾਰਨ ਇਨਫੈਕਸ਼ਨ ਦੇ ਫੈਲਾਅ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕ ਸਖਤੀ ਨਾਲ  ਸਿਹਤ ਵਿਭਾਗ ਦੇ ਨੇਮਾਂ ਦੀ ਪਾਲਣਾ ਕਰਨ ਅਤੇ ਮਾਸਕ ਜ਼ਰੂਰ ਪਹਿਨਿਆ ਜਾਵੇ। ਉਨ੍ਹਾਂ ਕਿਹਾ ਕਿ ਸਥਿਤੀ ਅਜੇ ਨਾਰਮਲ ਨਹੀਂ ਜਿਸ ਕਰਕੇ ਲੋਕ ਗੰਭੀਰਤਾ ਤੇ ਸਾਵਧਾਨੀ ਤੋਂ ਕੰਮ ਲੈਣ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਮਿਸ਼ਨ ਫਤਹਿ ਤਹਿਤ “ਕਰੋਨਾ ਫਤਿਹ” ਕਿੱਟਾਂ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਮਰੀਜ਼ਾਂ ਦੀ ਸਿਹਤ ਨਿਗਰਾਨੀ ਲਈ ਬਹੁਤ ਮਹੱਤਵਪੂਰਨ ਹਨ। ਇਸ ਕਿੱਟ ਵਿਚ ਕੁੱਲ 17 ਵਸਤਾਂ ਹਨ, ਜਿਸ ਵਿਚ ਪਲਸ ਆਕਸੀਮੀਟਰ, ਡਿਜ਼ੀਟਲ ਥਰਮਾਮੀਟਰ, 15 ਦਿਨ ਦੀ ਦਵਾਈ ਤੇ ਵਿਟਾਮਿਨ, ਇਮਊਨਿਟੀ ਬੂਸਟਰ, ਕਾਹੜਾ ਤੇ ਜਾਗਰੂਕਤਾ ਸਮੱਗਰੀ ਸ਼ਾਮਿਲ ਹੈ। ਇਸ ਤੋਂ ਇਲਾਵਾ ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਦੀ ਸਿਹਤ ਨਿਗਰਾਨੀ ਲਈ ਚਾਰਟ ਵੀ ਦਿੱਤਾ ਗਿਆ ਹੈ, ਜਿਸਨੂੰ ਰੋਜ਼ਾਨਾ ਦੇ ਆਧਾਰ ’ਤੇ ਭਰਕੇ ਡਾਕਟਰਾਂ ਕੋਲੋਂ  ਸਲਾਹ ਲਈ ਜਾ ਸਕਦੀ ਹੈ।
ਉਨ੍ਹਾਂ ਕਿਸਾਨਾਂ  ਨੂੰ ਵੀ ਅਪੀਲ ਕੀਤੀ ਕਿ ਉਹ ਕਰੋਨਾ ਸਬੰਧੀ ਮਰੀਜ਼ਾਂ ਦੀ ਸਿਹਤ ਦੇ ਮੱਦੇਨਜ਼ਰ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਇਸ ਨਾਲ ਸਾਹ ਲੈਣ ਵਿਚ ਤਕਲੀਫ਼ ਨਾਲ ਉਨਾਂ  ਦੀ ਜਾਨ ਨੂੰ ਖਤਰਾ ਹੋਰ ਵਧ ਜਾਂਦਾ ਹੈ।
Spread the love