ਨਰਮੇ ਦੀ ਕਾਸ਼ਤ ਨੂੰ ਕੀਤਾ ਜਾ ਰਿਹੈ ਉਤਸ਼ਾਹਤ
ਸੋਇਆਬੀਨ ਤੇ ਮੂੰਗਫਲੀ ਦੀ ਕਾਸ਼ਤ ਲਈ ਵੀ ਕੀਤੀ ਕਿਸਾਨਾਂ ਨੂੰ ਕੀਤਾ ਜਾ ਰਿਹੈ ਜਾਗਰੂਕ
ਚਾਲੂ ਸਾਲ ਦੌਰਾਨ ਸਿੱਧੀ ਬਿਜਾਈ ਤਕਨੀਕ ਨਾਲ ਜ਼ਿਲ੍ਹੇ ਵਿੱਚ 8000 ਹੈਕਟੇਅਰ ਰਕਬੇ ਵਿੱਚ ਬੀਜਿਆ ਜਾਵੇਗਾ ਝੋਨਾ : ਗੁਪਤਾ
ਪਿੰਡ ਲਖਨੌਰ ਬਲਾਕ ਮਾਜਰੀ ਵਿਖੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਕੀਤਾ ਜਾਗੂਰਕ
ਐਸ.ਏ.ਐਸ ਨਗਰ / ਕੁਰਾਲੀ, 04 ਜੂਨ 2021
ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਾਜੀਵ ਗੁਪਤਾ ਨੇ ਕਿਸਾਨ ਨਾਲ ਟਰੈਕਟਰ ਉਤੇ ਸਵਾਰ ਹੋ ਕੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਅਤੇ ਕਿਸਾਨ ਵੱਲੋਂ ਸਿੱਧੀ ਬਿਜਾਈ ਕੀਤੇ ਜਾਣ ਲਈ ਉਸ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਨਾਲ ਉਨ੍ਹਾਂ ਨੇ ਹੋਰਨਾਂ ਕਿਸਾਨਾਂ ਨੂੰ ਵੀ ਸਿੱਧੀ ਬਿਜਾਈ ਲਈ ਪ੍ਰੇਰਿਆ, ਜਿਸ ਨਾਲ ਲੇਬਰ ਅਤੇ ਖਰਚੇ ਦੀ ਬੱਚਤ ਹੁੰਦੀ ਹੈ।
ਸ਼੍ਰੀ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ 26000 ਹੈਕਟੇਅਰ ਰਕਬਾ ਚਾਲੂ ਸਾਲ ਦੌਰਾਨ ਝੋਨੇ ਹੇਠ ਆਉਣਾ ਹੈ, ਜਿਸ ਵਿੱਚੋਂ 5000 ਹੈਕਟੇਅਰ ਰਕਬਾ ਬਾਸਮਤੀ ਅਧੀਨ ਅਤੇ 8000 ਹੈਕਟੇਅਰ ਰਕਬਾ ਸਿੱਧੀ ਬਿਜਾਈ ਅਧੀਨ ਲਿਆਉਣ ਦਾ ਟੀਚਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿੱਧੀ ਬਿਜਾਈ ਦੀ ਵਿਧੀ ਨਾਲ 10 ਤੋਂ 15 ਪ੍ਰਤੀਸ਼ਤ ਸਿੰਚਾਈ ਦੇ ਪਾਣੀ ਦੀ ਸਿੱਧੀ ਬੱਚਤ ਹੁੰਦੀ ਹੈ ਅਤੇ ਲੇਬਰ ਦਾ ਪ੍ਰਤੀ ਕਿਲਾ 4000/- ਰੁਪਏ ਖਰਚਾ ਬੱਚਦਾ ਹੈ।
ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਵਿਧੀ ਨਾਲ ਬਾਰਸ਼ਾਂ ਦੇ ਪਾਣੀ ਨੂੰ ਧਰਤੀ ਵਿੱਚ ਜੀਰਨ ਦਾ ਮੌਕਾ ਮਿਲਦਾ ਹੈ ਜਿਸ ਨਾਲ ਗਰਾਊਂਡ ਵਾਟਰ ਰੀ ਚਾਰਜ ਹੋਣ ਨਾਲ ਧਰਤੀ ਹੇਠ ਪਾਣੀ ਦਾ ਪੱਧਰ ਉੱਚਾ ਕੀਤਾ ਜਾ ਸਕਦਾ ਹੈ। ਜਦ ਕਿ ਕੱਦੂ ਕਰਨ ਨਾਲ ਝੋਨੇ ਦੇ ਖੇਤਾਂ ਵਿੱਚ ਇੱਕ ਠੋਸ ਤਹਿ ਬਣ ਜਾਂਦੀ ਹੈ ਜੋ ਕਿ ਪਾਣੀ ਨੂੰ ਜੀਰਨ ਵਿੱਚ ਰੋਕਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਇਸ ਦੀ ਕਟਾਈ ਵੀ ਕੁਝ ਦਿਨ ਜਲਦੀ ਹੋ ਜਾਂਦੀ ਹੈ ਜਿਸ ਨਾਲ ਅਗਲੀ ਕਣਕ ਦੀ ਫਸਲ ਤੋਂ ਪਹਿਲਾਂ ਪਰਾਲੀ ਨੂੰ ਸਾਂਭਣ ਦਾ ਸਮਾਂ ਮਿਲ ਜਾਂਦਾ ਹੈ।
ਸ਼੍ਰੀ ਰਾਜੀਵ ਕੁਮਾਰ ਗੁਪਤਾ ਵੱਲੋਂ ਪਿੰਡ ਲਖਨੌਰ ਬਲਾਕ ਮਾਜਰੀ ਵਿਖੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਜਾਗਰੂਕਤ ਕਰ ਰਹੇ ਸਨ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ਼ ਕੁਮਾਰ ਰਹੇਜਾ ਵੀ ਉਨ੍ਹਾਂ ਦੇ ਨਾਲ ਸਨ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਐਸ.ਏ.ਐਸ. ਨਗਰ ਵਿੱਚ ਫਸਲੀ ਵਿਭਿੰਨਤਾ ਹੇਠ ਇਸ ਸਾਲ ਵਿਸ਼ੇਸ਼ ਤੌਰ ਤੇ ਕਪਾਹ ਸਬੰਧੀ 40 ਏਕੜ ਵਿੱਚ ਪ੍ਰਦਰਸ਼ਨੀਆਂ ਮਾਜਰੀ ਬਲਾਕ ਵਿੱਚ ਅਤੇ 10 ਏਕੜ ਵਿੱਚ ਪ੍ਰਦਰਸ਼ਨੀ ਖਰੜ ਬਲਾਕ ਵਿੱਚ ਸਥਾਪਤ ਕੀਤੇ ਜਾ ਰਹੇ ਹਨ। ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਆਤਮਾ ਸਕੀਮ ਅਧੀਨ ਪ੍ਰਦਰਸ਼ਨੀਆਂ ਲਗਾ ਕੇ ਕਿਸਾਨਾਂ ਨੂੰ ਝੋਨੇ ਕਣਕ ਦੇ ਫਸਲੀ ਚੱਕਰ ਤੋਂ ਸਿਫਟ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਦੇ ਨਾਲ ਨਾਲ ਜ਼ਿਲ੍ਹੇ ਵਿੱਚ ਸੋਇਆਬੀਨ ਅਤੇ ਮੂੰਗਫਲੀ ਦੀ ਕਾਸ਼ਤ ਨੂੰ ਵੀ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਾਜੀਵ ਕੁਮਾਰ ਗੁਪਤਾ ਪਿੰਡ ਲਖਨੌਰ ਵਿਖੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਦਾ ਜਾਇਜ਼ਾ ਲੈਂਦੇ ਹੋਏ।