ਜ਼ਿਲ੍ਹੇ ਵਿੱਚ ਵੱਖ-ਵੱਖ ਵਰਗਾਂ ਦੇ ਵਿਅਕਤੀਆਂ ਨੂੰ ਕੋਵਿਡ-19 ਸਬੰਧੀ ਵੈਕਸੀਨ ਲਗਾਉਣ ਦਾ ਅੰਕੜਾ 1,30,348 ਤੱਕ ਪਹੁੰਚਿਆ-ਡਿਪਟੀ ਕਮਿਸ਼ਨਰ

ਕੋਵਿਡ-19 ਸਬੰਧੀ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵੀ-ਸਿਵਲ ਸਰਜਨ
ਤਰਨ ਤਾਰਨ, 01 ਜੂਨ 2021
ਜ਼ਿਲ੍ਹੇ ਵਿੱਚ ਵੱਖ-ਵੱਖ ਵਰਗਾਂ ਦੇ ਵਿਅਕਤੀਆਂ ਨੂੰ ਕੋਵਿਡ-19 ਸਬੰਧੀ ਵੈਕਸੀਨ ਲਗਾਉਣ ਦਾ ਅੰਕੜਾ 1,30,348 ਤੱਕ ਪਹੁੰਚ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ 18 ਤੋਂ 44 ਸਾਲ ਅਤੇ 45 ਸਾਲ ਤੋਂ ਉੱਪਰ ਦੇ ਯੋਗ ਲਾਭਪਾਤਰੀ ਕੋਵਿਡ-19 ਸਬੰਧੀ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਹੈੱਲਥ ਕੇਅਰ ਵਰਕਰਾਂ ਨੂੰ 9429, ਫਰੰਟਲਾਈਨ ਵਰਕਰਾਂ ਨੂੰ 19159, ਉਮਰ ਵਰਗ 45 ਤੋਂ 59 ਸਾਲ ਦੇ ਨਾਗਰਿਕਾਂ ਨੂੰ 42904, ਉਮਰ ਵਰਗ 60 ਸਾਲ ਤੋਂ ਉੱਪਰ ਦੇ ਨਾਗਰਿਕਾਂ ਨੂੰ 46835, ਉਸਾਰੀ ਕਾਮਿਆਂ ਅਤੇ 18 ਤੋਂ 44 ਸਾਲ ਤੱਕ ਉਮਰ ਵਰਗ ਦੇ ਸੰਵੇਦਨਸ਼ੀਲ ਵਿਅਕਤੀਆਂ ਨੂੰ 8487, ਪ੍ਰਾਇਮਰੀ ਅਧਿਆਪਕਾਂ ਨੂੰ 1045 ਅਤੇ ਸੈਕੰਡਰੀ ਅਧਿਆਪਕਾਂ ਨੂੰ 2489 ਡੋਜ਼ ਵੈਕਸੀਨ ਲੱਗ ਚੁੱਕੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਕੋਵਿਡ-19 ਸਬੰਧੀ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ।ਉਹਨਾਂ ਅਪੀਲ ਕੀਤੀ ਕਿ ਸਾਨੂੰ ਇਹ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਵੈਕਸੀਨ ਦੇ ਕੋਈ ਵੀ ਬੁਰੇ ਪ੍ਰਭਾਵ ਨਹੀਂ ਹਨ, ਸਗੋਂ ਇਹ ਵੈਕਸੀਨ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪ੍ਰਭਾਵੀ ਹੈ ।
ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ‘ਤੇ ਕਰੋਨਾ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ ।ਉਨ੍ਹਾਂ ਅਪੀਲ ਕੀਤੀ ਕਿ ਵੈਕਸੀਨ ਲਗਵਾ ਚੁੱਕੇ ਲੋਕ ਆਪਣੇ-ਆਪਣੇ ਇਲਾਕਿਆ ਵਿੱਚ ਹੋਰਨਾਂ ਨੂੰ ਉਤਸ਼ਾਹਿਤ ਕਰਨ ਕਿ ਕੋਰੋਨਾ ਵੈਕਸੀਨ ਸੁਰੱਖਿਅਤ ਹੈ। ਉਹਨਾਂ ਕਿਹਾ ਕਿ ਕਰੋਨਾ ਟੀਕਾਕਰਨ ਵਾਸਤੇ ਆਪਣਾ ਪਹਿਚਾਣ ਪੱਤਰ ਅਤੇ ਚੱਲਦਾ ਮੋਬਾਇਲ ਨੰਬਰ ਵੈਕਸੀਨੇਸ਼ਨ ਕੈਂਪ ਵਿੱਚ ਜ਼ਰੂਰ ਲੈ ਕੇ ਆਓ ।
ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਆਪਣੇ ਘਰਾਂ ਤੋਂ ਉਦੋਂ ਹੀ ਬਾਹਰ ਨਿਕਲਣ ਜੇਕਰ ਕੋਈ ਜ਼ਰੂਰੀ ਕੰਮ ਹੋਵੇ । ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਆਕਤੀ ਨੂੰ ਬੁਖ਼ਾਰ, ਖ਼ਾਸੀ, ਸਾਹ ਲੈਣ ਵਿੱਚ ਤਕਲੀਫ਼, ਸਰਦੀ ਜ਼ੁਕਾਮ, ਦਸਤ, ਨੱਕ ਵੱਗਣਾ, ਗਲੇ ਵਿੱਚ ਖ਼ਰਾਸ਼, ਸਵਾਦ ਅਤੇ ਸੁੰਘਣ ਸ਼ਕਤੀ ਦਾ ਘੱਟਣਾ ਅਤੇ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ ਤਾਂ ਉਹ ਤੁਰੰਤ ਹੀ ਆਪਣੇ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਂ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਕੋਰੋਨਾ ਟੈੱਸਟ ਕਰਵਾਏ ਅਤੇ ਇਸ ਬਿਮਾਰੀ ਦਾ ਜਲਦੀ ਪਤਾ ਲੱਗਣ ਦੇ ਨਾਲ ਅਸੀਂ ਆਪ, ਆਪਣੇ ਪਰਿਵਾਰ ਅਤੇ ਸਮਾਜ ਨੂੰ ਕੋਵਿਡ-19 ਮਹਾਂਮਾਰੀ ਨੂੰ ਵਧਣ ਤੋਂ ਬਚਾਅ ਸਕਦੇ ਹਾਂ ।

Spread the love