*ਅਗਾਂਹਵਧੂ ਕਿਸਾਨ ਨੇ 15 ਸਾਲਾਂ ਤੋਂ ਪਰਾਲੀ ਅਤੇ ਨਾੜ ਨੂੰ ਨਹੀਂ ਲਗਾਈ ਅੱਗ
ਨਵਾਂਸ਼ਹਿਰ, 5 ਅਕਤੂਬਰ :
ਜ਼ਿਲੇ ਵਿਚ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਦੇ ਯੋਗ ਪ੍ਰਬੰਧਨ ਲਈ ਜਾਗਰੂਕ ਕਰਨ ਲਈ ਵੱਡੀ ਮੁਹਿੰਮ ਚਲਾਈ ਗਈ ਹੈ, ਜਿਸ ਦੇ ਉਸਾਰੂ ਸਿੱਟੇ ਸਾਹਮਣੇ ਆ ਰਹੇ ਹਨ ਅਤੇ ਜ਼ਿਲੇ ਦੇ ਸੂਝਵਾਲ ਕਿਸਾਨ ਵੱਡੀ ਪੱਧਰ ’ਤੇ ਇਸ ਮੁਹਿੰਮ ਨਾਲ ਜੁੜ ਰਹੇ ਹਨ। ਇਸ ਮੁਹਿੰਮ ਨੂੰ ਅੱਗੇ ਤੋਰਨ ਵਿਚ ਬਲਾਚੌਰ ਬਲਾਕ ਦੇ ਰੁੜਕੀ ਖੁਰਦ ਪਿੰਡ ਦਾ 40 ਸਾਲਾ ਅਗਾਂਹਵਧੂ ਕਿਸਾਨ ਬਲਜੀਤ ਸਿੰਘ ਬੇਹੱਦ ਸਹਾਈ ਹੋ ਰਿਹਾ ਹੈ।
10 ਏਕੜ ਜ਼ਮੀਨ ਦਾ ਮਾਲਕ ਬਾਰਵੀਂ ਪਾਸ ਬਲਜੀਤ ਸਿੰਘ ਪਿਛਲੇ 20 ਸਾਲਾਂ ਤੋਂ ਖੇਤੀ ਕਰਦਾ ਆ ਰਿਹਾ ਹੈ। ਪਹਿਲਾਂ ਉਹ ਹਰੇਕ ਸਾਲ ਸਿਰਫ ਝੋਨੇ ਅਤੇ ਕਣਕ ਦੀ ਖੇਤੀ ਕਰਦਾ ਸੀ ਅਤੇ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਵੀ ਸਾੜ ਦਿੰਦਾ ਸੀ। ਪਰੰਤੂ ਪਿਛਲੇ 6-7 ਵਰਿਆਂ ਤੋਂ ਉਸ ਨੇ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਤ ਕਰ ਕੇ ਮਹਿਕਮੇ ਦੇ ਕਹਿਣ ਅਨੁਸਾਰ ਫ਼ਸਲੀ ਚੱਕਰ ਵਿਚ ਬਦਲਾਅ ਲਿਆਂਦਾ ਅਤੇ ਝੋਨੇ ਹੇਠੋਂ ਰਕਬਾ ਘਟਾ ਕੇ 5 ਏਕੜ ’ਤੇ ਲੈ ਆਂਦਾ ਅਤੇ ਬਾਕੀ 5 ਏਕੜ ਵਿਚ ਮੱਕੀ ਦੀ ਬਿਜਾਈ ਸ਼ੁਰੂ ਕਰ ਦਿੱਤੀ। ਮੱਕੀ ਦੀ ਕਾਸ਼ਤ ਕਰ ਕੇ ਉਸ ਵੱਲੋਂ ਪਾਣੀ ਦੀ ਬੀਹੁਤ ਬੱਚਤ ਕੀਤੀ ਗਈ। ਝੋਨੇ ਦੀ ਬਿਜਾਈ ਵੀ ਉਸ ਵੱਲੋਂ ਸਰਕਾਰੀ ਹੁਕਮਾਂ ਅਨੁਸਾਰ ਹੀ ਕੀਤੀ ਗਈ। ਇਸ ਸਾਲ ਉਸ ਨੇ 2 ਏਕੜ ਵਿਚ ਮੂੰਗੀ ਦੀ ਕਾਸ਼ਤ ਵੀ ਕੀਤੀ, ਜਿਸ ਤੋਂ ਲਗਭਗ 11 ਕੁਇੰਟਲ ਮੂੰਗੀ ਦੀ ਵੁਪਜ ਹੋਈ, ਜੋ ਉਸ ਵੱਲੋਂ ਆਪਣੇ ਘਰ ਤੋਂ ਪੰਜ-ਪੰਜ, ਦਸ-ਦਸ ਕਿਲੋ ਕਰ ਕੇ ਵੇਚ ਦਿੰਤੀ ਅਤੇ ਖ਼ਰਚਾ ਕੱਢ ਕੇ ਕਰੀਬ 60 ਹਜ਼ਾਰ ਰੁਪਏ ਕਮਾਈ ਕੀਤੀ।
ਹੋਰਨਾਂ ਕਿਸਾਨਾਂ ਲਈ ਰਾਹ ਦਿਸੇਰਾ ਬਣੇ ਇਸ ਕਿਸਾਨ ਨੇ 15 ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਬਿਲਕੁਲ ਅੱਗ ਨਹੀਂ ਲਗਾਈ, ਸਗੋਂ ਉਸ ਨੇ ਇਹ ਸਾਰੀ ਰਹਿੰਦ-ਖੂੰਹਦ ਨੂੰ ਪਹਿਲਾਂ ਤਵੀਆਂ ਨਾਲ ਅਤੇ ਹੁਣ ਮਹਿਕਮੇ ਤੋਂ ਸਬਸਿਡੀ ’ਤੇ ਲਏ ਆਰ. ਐਮ. ਬੀ ਪਲੋਅ ਨਾਲ ਖੇਤਾਂ ਵਿਚ ਮਿਲਾ ਦਿੱਤਾ। ਇਸ ਨਾਲ ਇਕ ਤਾਂ ਮਿੱਟੀ ਦੀ ਵੁਪਜਾਊ ਸ਼ਕਤੀ ਵਿਚ ਵਾਧਾ ਕੀਤਾ ਅਤੇ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਇਆ।
ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਨੇ ਕਿਹਾ ਕਿ ਬਲਜੀਤ ਸਿੰਘ ਵਰਗੇ ਕਿਸਾਨ ਹੋਰਨਾਂ ਲਈ ਪ੍ਰੇਰਣਾ ਸੋਤ ਹਨ ਅਤੇ ਕਿਸਾਨ ਅਜਿਹੇ ਪ੍ਰਗਤੀਸ਼ੀਲ ਕਿਸਾਨਾਂ ਦੇ ਤਜ਼ਰਬਿਆਂ ਤੋਂ ਸਿੱਖਦੇ ਹਨ। ਉਨਾਂ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਵੱਖ-ਵੱਖ ਤਰੀਕਿਆਂ ਰਾਹੀਂ ਇਸ ਦਾ ਨਿਪਟਾਰਾ ਕਰ ਕੇ ਕਣਕ ਦੀ ਬਿਜਾਈ ਕਰਨ।