ਬਾਰ ਮੈਂਬਰਾਂ, ਬੈਂਕ ਮੈਨੇਜਰਾਂ, ਕੰਪਨੀ ਸਕੱਤਰਾਂ ਤੇ ਸਰਕਾਰੀ ਅਦਾਰਿਆਂ ਨਾਲ ਕੀਤੀਆਂ ਮੀਟਿੰਗਾਂ
ਰੂਪਨਗਰ 5 ਜੁਲਾਈ 2021
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੇ ਚੇਅਰਪਰਸਨ ਮੈਡਮ ਹਰਪ੍ਰੀਤ ਕੌਰ ਜੀਵਨ ਨੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ, ਰੂਪਨਗਰ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਅਹੁਦੇਦਾਰਾਂ ਨਾਲ 10 ਜੁਲਾਈ 2021 ਨੂੰ ਹੋ ਰਹੀ ਲੋਕ ਅਦਾਲਤ ਸਬੰਧੀ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਵਕੀਲ ਸਾਹਿਬਾਨ ਨੂੰ ਇਸ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਕੀਲ ਕਚਹਿਰੀ ਅਤੇ ਨਿਆਂ ਪ੍ਰਾਰਥੀ ਦਰਮਿਆਨ ਇੱਕ ਜ਼ਰੂਰੀ ਕੜੀ ਹੈ ਜਿਸ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਲੋਕ ਅਦਾਲਤ ਕਾਮਯਾਬ ਨਹੀਂ ਹੋ ਸਕਦੀ। ਉਨ੍ਹਾਂ ਵਕੀਲਾਂ ਨੂੰ ਵੱਧ ਤੋਂ ਵੱਧ ਕੇਸ ਲੋਕ ਅਦਾਲਤ ਵਿੱਚ ਲਿਆਉਣ ਅਤੇ ਆਪਸੀ ਰਜ਼ਾਮੰਦੀ ਨਾਲ ਸੁਲਝਾਉਣ ਲਈ ਪ੍ਰੇਰਿਆ। ਇਸੇ ਤਰ੍ਹਾਂ ਉਨ੍ਹਾਂ ਨੇ ਵੱਖ-ਵੱਖ ਮੀਟਿੰਗਾਂ ਸਾਰੇ ਬੈਂਕਾਂ ਦੇ ਮੈਨੇਜਰਾਂ, ਕੰਪਨੀਆਂ ਦੇ ਸਕੱਤਰਾਂ ਅਤੇ ਸਰਕਾਰੀ ਵਿਭਾਗਾਂ ਦੇ ਅਹੁਦੇਦਾਰਾਂ ਨਾਲ ਵੀ ਕੀਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਇਨ੍ਹਾਂ ਸਾਰੀਆਂ ਸੰਸਥਾਵਾਂ ਦੇ ਚੱਲ ਰਹੇ ਵੱਖ-ਵੱਖ ਕੇਸਾਂ ਨੂੰ ਲੋਕ ਅਦਾਲਤ ਵਿੱਚ ਲਿਆ ਕੇ ਆਪਸੀ ਰਜ਼ਾਮੰਦੀ ਨਾਲ ਸੁਲਝਾਉਣ ਲਈ ਇਨ੍ਹਾਂ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਪ੍ਰੇਰਿਤ ਕੀਤਾ ਅਤੇ ਸਮਝਾਇਆ ਕਿ ਲੋਕ ਅਦਾਲਤ ਦਾ ਫੈਸਲਾ ਅੰਤਿਮ ਫੈਸਲਾ ਹੁੰਦਾ ਹੈ, ਜਿਸ ਦੀ ਅੱਗੇ ਕੋਈ ਅਪੀਲ ਨਹੀਂ ਹੁੰਦੀ ਅਤੇ ਕਚਹਿਰੀ ਵਿੱਚ ਲੱਗੀ ਹੋਈ ਫੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੈਂਕ ਆਪਣੇ ਰਿਕਵਰੀ ਕਲੇਮ ਅਤੇ ਚੈੱਕ ਬਾਊਂਸ ਦੇ ਕੇਸ ਆਸਾਨੀ ਨਾਲ ਲੋਕ ਅਦਾਲਤ ਰਾਹੀਂ ਸੁਲਝਾ ਸਕਦੇ ਹਨ। ਇਸੇ ਤਰ੍ਹਾਂ ਕੰਪਨੀਆਂ ਆਪਣੇ ਦੀਵਾਨੀ ਝਗੜੇ ਲੋਕ ਅਦਾਲਤ ਵਿੱਚ ਆਪਸੀ ਰਜ਼ਾਮੰਦੀ ਨਾਲ ਨਬੇੜ ਕੇ ਲੰਮੀ ਨਿਆਂ ਪ੍ਰਕਿਰਿਆ ਤੋਂ ਬਚ ਸਕਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਅਦਾਲਤ ਦਾ ਫਾਇਦਾ ਆਪ ਕਚਹਿਰੀ ਵਿੱਚ ਆ ਕੇ ਜਾਂ ਆਨਲਾਈਨ ਵਰਚੂਅਲ ਈ-ਲੋਕ ਅਦਾਲਤ ਰਾਹੀਂ ਲਿਆ ਜਾ ਸਕਦਾ ਹੈ। ਈ-ਲੋਕ ਅਦਾਲਤ ਰਾਹੀਂ ਕੇਸ ਦੇ ਨਿਪਟਾਰੇ ਲਈ ਜਿਸ ਅਦਾਲਤ ਵਿੱਚ ਕੇਸ ਲੰਬਿਤ ਹੈ, ਉੱਥੋਂ ਦੇ ਰੀਡਰ (ਨੋਡਲ ਅਫਸਰ) ਨੂੰ ਬੇਨਤੀ ਕੀਤੀ ਜਾ ਸਕਦੀ ਹੈ ਅਤੇ ਨਵੇਂ ਮਾਮਲੇ ਲਈ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰੀਟੀ ਨੂੰ ਇੱਕ ਸਾਫ ਕਾਗਜ਼ ’ਤੇ ਅਰਜ਼ੀ ਲਿਖ ਕੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।