ਰੂਪਨਗਰ ,2 ਜੁਲਾਈ 2021 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੇ ਚੇਅਰਪਰਸਨ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ, ਮੈਡਮ ਹਰਪ੍ਰੀਤ ਕੌਰ ਜੀਵਨ ਨੇ ਦੱਸਿਆ ਕਿ ਰਾਸ਼ਟਰੀ ਲੋਕ ਅਦਾਲਤ 10 ਜੁਲਾਈ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਰੂਪਨਗਰ ਵਿਖੇ ਸਥਾਪਤ ਕੀਤੀ ਜਾ ਰਹੀ ਹੈ। ਇਸ ਦੇ ਬੈਂਚ ਤਹਿਸੀਲ ਅਨੰਦਪੁਰ ਸਾਹਿਬ ਅਤੇ ਨੰਗਲ ਵਿੱਚ ਬੈਠਣਗੇ। ਇਸ ਲੋਕ ਅਦਾਲਤ ਵਿੱਚ ਪਹਿਲਾਂ ਤੋਂ ਲੰਬਿਤ ਮਾਮਲੇ ਅਤੇ ਨਵੇਂ ਕੇਸ ਆਪਸੀ ਰਜ਼ਾਮੰਦੀ ਨਾਲ ਨਬੇੜੇ ਜਾਣਗੇ। ਲੋਕ ਸਬੰਧਤ ਅਦਾਲਤ ਦੇ ਜੱਜ ਜਾਂ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਬਿਨੈ ਪੱਤਰ ਦੇ ਕੇ ਆਪਣਾ ਕੇਸ ਲੋਕ ਅਦਾਲਤ ਵਿੱਚ ਦਾਇਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਗੰਭੀਰ ਅਪਰਾਧਿਕ ਕੇਸਾਂ ਨੂੰ ਛੱਡ ਕੇ ਛੋਟੇ ਝਗੜੇ, ਘਰੇਲੂ ਕੇਸ, ਬੈਂਕ ਰਿਕਵਰੀ ਕੇਸ, 138 ਚੈੱਕ ਬਾਊਂਸ ਮਾਮਲੇ, 125 ਸੀ.ਆਰ.ਪੀ.ਸੀ ਖਰਚੇ ਦੇ ਕੇਸ, ਇੰਸ਼ੋਰੈਂਸ ਅਤੇ ਐਕਸੀਡੈਂਟ ਕਲੇਮ, ਲੈਂਡ ਐਕਿਊਜੇਸ਼ਨ ਦੇ ਕਲੇਮ ਤੇ ਹੋਰ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਦਾ ਫੈਸਲਾ ਅੰਤਿਮ ਫੈਸਲਾ ਹੁੰਦਾ ਹੈ, ਜਿਸ ਦੀ ਫਿਰ ਦੁਬਾਰਾ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ ਅਤੇ ਅਦਾਲਤ ਦੀ ਫੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ। ਲੋਕਾਂ ਨੂੰ ਲੋਕ ਅਦਾਲਤ ਵਿੱਚ ਅਸਾਨੀ ਨਾਲ ਸਸਤਾ ਨਿਆਂ ਮਿਲ ਸਕਦਾ ਹੈ। ਇਸ ਲਈ ਲੋਕਾਂ ਨੂੰ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣਾ ਚਾਹੀਦਾ ਹੈ।