ਜ਼ਿਲੇ ਵਿਚ ਮੌਜੂਦਾ 592 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵੱਧ ਕੇ 730 ਹੋਣ ਦੀ ਸੰਭਾਵਨਾ
ਜ਼ਿਲਾ ਚੋਣ ਅਫ਼ਸਰ ਵੱਲੋਂ ਸਹਾਇਕ ਪੋਲਿੰਗ ਸਟੇਸ਼ਨਾਂ ਅਤੇ ਪੋਲਿੰਗ ਸਟਾਫ਼ ਸਬੰਧੀ ਵਿਸ਼ੇਸ਼ ਮੀਟਿੰਗ
ਨਵਾਂਸ਼ਹਿਰ, 24 ਜੂਨ 2021
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾਂ-2022 ਨੂੰ ਮੁੱਖ ਰੱਖਦਿਆਂ ਜ਼ਿਲੇ ਵਿਚ ਬਣਾਏ ਜਾਣ ਵਾਲੇ ਸਹਾਇਕ ਪੋਲਿੰਗ ਸਟੇਸ਼ਨਾਂ ਅਤੇ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਕਰਨ ਵਾਲੇ ਪੋਲਿੰਗ ਸਟਾਫ ਸਬੰਧੀ ਇਕ ਵਿਸ਼ੇਸ਼ ਮੀਟਿੰਗ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਡਾ. ਸ਼ੇਨਾ ਅਗਰਵਾਲ ਨੇ ਜ਼ਿਲੇ ਦੇ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਜਾਣੂ ਕਰਵਾਇਆ ਕਿ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ 1000 ਜਾਂ ਇਸ ਤੋਂ ਵੱਧ ਵੋਟਰਾਂ ਵਾਲੇ ਪੋਲਿੰਗ ਸਟੇਸ਼ਨਾਂ ਲਈ ਸਹਾਇਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣੇ ਹਨ, ਜਿਸ ਨਾਲ ਨਵੇਂ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਉਪਰੰਤ ਜ਼ਿਲੇ ਵਿਚ ਮੌਜੂਦ 592 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵੱਧ ਕੇ ਲੱਗਭਗ 730 ਹੋਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਧਣ ਨਾਲ ਲਗਾਏ ਜਾਣ ਵਾਲੇ ਸਟਾਫ ਦੀ ਡਿਮਾਂਡ ਵੀ ਵੱਧ ਜਾਵੇਗੀ। ਉਨਾਂ ਰਿਟਰਨਿੰਗ ਅਫ਼ਸਰਾਂ ਅਤੇ ਜ਼ਿਲਾ ਸੂਚਨਾ ਅਫ਼ਸਰ ਨੂੰ ਹੁਣ ਤੋਂ ਹੀ ਇਸ ਸਬੰਧੀ ਢੁਕਵੇਂ ਉਪਰਾਲੇ ਕਰਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨਾਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਵੋਟਰ ਸੂਚੀ ਦੀ ਸੁਧਾਈ ਦੌਰਾਨ ਐਨ. ਆਰ. ਆਈ ਵੋਟਰਾਂ, ਵੀ. ਆਈ. ਪੀ ਵੋਟਰਾਂ, ਪੀ. ਡਬਲਿਊ. ਡੀ ਵੋਟਰਾਂ ਅਤੇ ਨੌਜਵਾਨਾਂ ਦੀ ਵੋਟਰ ਸੂਚੀ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਦੇ ਵੀ ਆਦੇਸ਼ ਦਿੱਤੇ। ਇਸ ਮੌਕੇ ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ, ਚੋਣ ਤਹਿਸੀਲਦਾਰ ਅਵਤਾਰ ਸਿੰਘ, ਪ੍ਰੋਗਰਾਮਰ ਅਮਿਤ ਸੈਣੀ, ਜ਼ਿਲਾ ਸੂਚਨਾ ਅਫ਼ਸਰ ਵਿਸ਼ਾਲ ਸ਼ਰਮਾ ਅਤੇ ਹੋਰ ਹਾਜ਼ਰ ਸਨ।
ਸਹਾਇਕ ਪੋਲਿੰਗ ਸਟੇਸ਼ਨਾਂ ਅਤੇ ਪੋਲਿੰਗ ਸਟਾਫ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ।