ਰੂਪਨਗਰ, 14 ਅਕਤੂਬਰ:
11,12 ਅਕਤੂਬਰ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ 11ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ 14 ਰਾਜਾਂ ਦੇ ਲਗਭਗ 900 ।ਗੱਤਕਾ ਖਿਡਾਰੀਆਂ ਤੇ ਖਿਡਾਰਨਾਂ ਨੇ ਗੱਤਕੇ ਦੇ ਸਿੰਗਲ ਸੋਟੀ ਤੇ ਫਰੀ ਸੋਟੀ ਦੇ ਟੀਮ ਤੇ ਵਿਅਕਤੀਗਤ ਇਵੈਂਟਸ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਚੈਂਪੀਅਨਸ਼ਿਪ ਟ੍ਰਾਫੀ ਪੰਜਾਬ ਦੀ ਝੋਲੀ ਵਿੱਚ ਪਾਈ।
ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਮਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਰਾਜ ਦੀ 17 ਸਾਲਾ ਉਮਰ ਵਰਗ ਦੀ ਫਰੀ ਸੋਟੀ ਟੀਮ ਵਿਚ ਆਪਣੀ ਵਿਲੱਖਣ ਪਛਾਣ ਨੂੰ ਸਥਾਪਤ ਕਰਦੇ ਹੋਏ ਰੂਪਨਗਰ ਜ਼ਿਲ੍ਹੇ ਵੱਲੋਂ ਖੇਡਦੇ ਹੋਏ ਅਕਾਲ ਅਕੈਡਮੀ ਕਮਾਲਪੁਰਾ ਦੀ ਇਸ਼ਪ੍ਰੀਤ ਕੌਰ ਨੇ ਗੋਲਡ ਮੈਡਲ ਅਤੇ ਸਿੰਗਲ ਸੋਟੀ ਵਿਅਕਤੀਗਤ ਮੁਕਾਬਲੇ ਵਿੱਚ ਗੁਰੂ ਨਾਨਕ ਗੱਤਕਾ ਅਕੈਡਮੀ ਲੋਦੀਮਾਜਰਾ ਦੀ ਹਰਪ੍ਰੀਤ ਕੌਰ ਨੇ ਬ੍ਰੋਨਜ ਮੈਡਲ ਜਿੱਤ ਕੇ ਜਿਥੇ ਆਪਣਾ ਆਪਣੇ ਸਕੂਲਾਂ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਨੈਸ਼ਨਲ ਪੱਧਰ ਤੇ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦਾ ਨਾਮ ਵੀ ਰੌਸ਼ਨ ਕੀਤਾ ਹੈ।
ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਸਮੁੱਚੇ ਆਹੁਦੇ ਦਾਰਾਂ ਨੇ ਇਸ਼ਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਨੂੰ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਕੋਚ ਸਾਹਿਬਾਨਾਂ ਸ਼ੈਰੀ ਸਿੰਘ ਭਾਂਬਰੀ, ਜਸਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਘਨੌਲੀ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਦੀ ਯੋਗ ਅਗਵਾਈ ਅਧੀਨ ਤਿਆਰੀ ਕਰਕੇ ਇਨ੍ਹਾਂ ਖਿਡਾਰਨਾਂ ਨੇ ਆਪਣੇ ਜ਼ਿਲੇ ਦੇ ਨਾਲ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ।