ਜ਼ਿਲਾ ਅਤੇ ਸੈਸ਼ਨ ਜੱਜ ਵੱਲੋਂ ਅਦਾਲਤ ਸਬੰਧੀ ਬੈਂਕ ਮੈਨੇਜਰਾਂ ਨਾਲ ਮੀਟਿੰਗ
ਬਰਨਾਲਾ, 28 ਜੁਲਾਈ 2021
ਜ਼ਿਲਾ ਬਰਨਾਲਾ ਦੀਆਂ ਸਾਰੀਆਂ ਦੀਵਾਨੀ ਅਤੇ ਫੌਜਦਾਰੀ ਅਦਾਲਤਾਂ ਵਿੱਚ 11 ਸਤੰਬਰ 2021 ਨੂੰ ਕੌਮੀ ਲੋਕ ਅਦਾਲਤ ਲਾਈ ਜਾ ਰਹੀ ਹੈ।
ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਸਟੇਟ ਲੀਗਲ ਸਰਵਿਸਜ਼ ਅਥਾਰਟੀ, ਐੱਸ.ਏ.ਐੱਸ. ਨਗਰ ਮੋਹਾਲੀ ਦੀਆਂ ਹਦਾਇਤਾਂ ਅਤੇ ਸ੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜ਼ਿਲਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੀ ਅਗਵਾਈ ਵਿੱਚ ਕੌਮੀ ਲੋਕ ਅਦਾਲਤ ਲਾਈ ਜਾਵੇਗੀ। ਇਸ ਕੌਮੀ ਲੋਕ ਅਦਾਲਤ ਵਿੱਚ ਦੀਵਾਨੀ, ਸਮਝੌਤਾ ਯੋਗ ਫੌਜਦਾਰੀ, ਬੈਂਕ ਰਿਕਵਰੀ, ਚੈੱਕ ਬਾਊਂਸ, ਬਿਜਲੀ ਪਾਣੀ ਦੇ ਬਿੱਲਾਂ ਸਬੰਧੀ, ਘਰੇਲੂ ਝਗੜਿਆ ਸਬੰਧੀ ਅਤੇ ਭੂਮੀ ਪ੍ਰਾਪਤੀ ਮਾਮਲੇ ਆਦਿ ਨਾਲ ਸਬੰਧਿਤ ਕੇਸਾਂ ਨੂੰ ਸੁਣਿਆ ਜਾਵੇਗਾ ਅਤੇ ਮੌਕੇ ’ਤੇ ਹੀ ਰਜ਼ਾਮੰਦੀ ਨਾਲ ਝਗੜਿਆਂ ਦੇ ਨਿਪਟਾਰੇ ਕਰਵਾਏ ਜਾਣਗੇ। ਕੌਮੀ ਲੋਕ ਅਦਾਲਤ ਵਿੱਚ ਕੇਸਾਂ ਦੇ ਜ਼ਿਆਦਾ ਤੋਂ ਜ਼ਿਆਦਾ ਨਿਪਟਾਰੇ ਕਰਵਾਉਣ ਲਈ ਜ਼ਿਲਾ ਬਰਨਾਲਾ ਦੇ ਵੱਖ-ਵੱਖ ਬੈਂਕਾਂ ਦੇ ਮੈਨੇਜਰਾਂ ਨਾਲ ਸ੍ਰੀ ਵਰਿੰਦਰ ਅਗਰਵਾਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ।
ਕੌਮੀ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਵਰਿੰਦਰ ਅਗਰਵਾਲ ਨੇ ਦੱਸਿਆ ਕਿ ਇਨਾਂ ਲੋਕ ਅਦਾਲਤਾਂ ਵਿੱਚ ਛੇਤੀ ਅਤੇ ਸਸਤਾ ਨਿਆਂ ਮਿਲਦਾ ਹੈ ਅਤੇ ਬੈਂਕ ਮੈਨੇਜਰ ਸਾਹਿਬਾਨ ਨੂੰ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਲਗਵਾਉਣ ਨਾਲ ਬੈਂਕਾਂ ਨੂੰ ਕੋਰਟ ਫੀਸ ਅਤੇ ਵਕੀਲ ਦੀ ਫੀਸ ਦੀ ਬੱਚਤ ਹੋਵੇਗੀ ਅਤੇ ਉਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੇਕਰ ਉਹ ਵੱਧ ਤੋਂ ਵੱਧ ਕੇਸ ਇਸ ਲੋਕ ਅਦਾਲਤ ਵਿੱਚ ਲੈ ਕੇ ਆਉਂਦੇ ਹਨ ਤਾਂ ਬੈਂਕਾਂ ਨੂੰ ਬਹੁਤ ਘੱਟ ਸਮੇਂ ਵਿੱਚ ਉਨਾਂ ਦੇ ਰੁਕੇ ਹੋਏ ਲੋਨ ਕੇਸਾਂ ਦੇ ਵਿੱਚ ਚੋਖੀ ਰਿਕਵਰੀ ਹੋ ਜਾਵੇਗੀ।
ਇਸ ਤੋਂ ਇਲਾਵਾ ਆਪਸੀ ਰਜ਼ਾਮੰਦੀ ਨਾਲ ਝਗੜੇ ਨਿਪਟਾਏ ਜਾਂਦੇ ਹਨ, ਜਿਸ ਨਾਲ ਕੋਰਟ ਫੀਸ ਵਾਪਸ ਮਿਲ ਜਾਂਦੀ ਹੈ ਅਤੇ ਇਸ ਦੇ ਫੈਸਲੇ ਖ਼ਿਲਾਫ਼ ਕੋਈ ਅਪੀਲ ਅਤੇ ਦਲੀਲ ਵੀ ਨਹੀਂ ਹੁੰਦੀ। ਉਨਾਂ ਅਪੀਲ ਕੀਤੀ ਕਿ ਇਸ ਨੈਸ਼ਨਲ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਕੇਸ ਲਗਵਾਏ ਜਾਣ ਅਤੇ ਫਾਇਦਾ ਲਿਆ ਜਾਵੇ। ਇਸ ਨੈਸ਼ਨਲ ਲੋਕ ਅਦਾਲਤ ਦੀ ਵਧੇਰੇ ਜਾਣਕਾਰੀ ਲਈ ਇਸ ਦਫ਼ਤਰ ਦੇ ਫੋਨ ਨੰਬਰ 01679-243522 ਜਾਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਦੇ ਟੌਲ ਫ੍ਰੀ ਹੈਲਪਲਾਈਨ ਨੰਬਰ 1968 ’ਤੇ ਸੰਪਰਕ ਕੀਤਾ ਜਾ ਸਕਦਾ ਹੈ।