11 ਸਤੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ

ਕੌਮੀ ਲੋਕ ਅਦਾਲਤ ਵਿੱਚ ਹੁਣ ਤੱਕ 3415 ਕੇਸਾਂ ਦਾ ਕੀਤਾ ਗਿਆ ਨਿਪਟਾਰਾ -ਸੀਜੇਐੱਮ
ਧਿਰਾਂ ਦਾ ਆਪਸੀ ਸਹਿਮਤੀ ਨਾਲ ਹੋਵੇਗਾ ਕੇਸਾਂ ਦਾ ਨਿਪਟਾਰਾ, ਸੰਗੀਨ ਫੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਕਿਸਮ ਦੇ ਦੀਵਾਨੀ ਕੇਸ, ਪਰਿਵਾਰਿਕ ਝਗੜੇ, ਰੈਵਿਨਿਊ ਕੇਸ ਅਤੇ ਚੈੱਕ ਬਾਊਂਸ ਆਦਿ ਕੇਸਾਂ ਦੀ ਹੋਵੇਗੀ ਸੁਣਵਾਈ
ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਫਿਰੋਜ਼ਪੁਰ ਦੇ ਪੱਤਰਕਾਰਾਂ ਨਾਲ ਰੱਖੀ ਇੱਕ ਵਿਸ਼ੇਸ਼ ਮੀਟਿੰਗ
ਫਿਰੋਜ਼ਪੁਰ 07 ਸਤੰਬਰ 2021
11 ਸਤੰਬਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਅਤੇ ਸਬ ਡਵੀਜ਼ਨ ਗੁਰੂਹਰਸਹਾਏ ਤੇ ਜ਼ੀਰਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾਵੇਗੀ ਇਸ ਲੋਕ ਅਦਾਲਤ ਵਿੱਚ ਲੋਕ ਵੱਧ ਤੋਂ ਵੱਧ ਲਾਹਾ ਉਠਾਉਣ। ਇਸ ਨੈਸ਼ਨਲ ਲੋਕ ਅਦਾਲਤ ਵਿੱਚ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਪ੍ਰੀ-ਲਿਟੀਗੇਟਿਵ ਕੇਸ ਜੋ ਕਿ ਅਜੇ ਤੱਕ ਅਦਾਲਤ ਵਿੱਚ ਦਾਇਰ ਨਹੀਂ ਕੀਤੇ ਗਏ ਉਹ ਕੇਸ ਵੀ ਇਸ ਲੋਕ ਅਦਾਲਤ ਵਿੱਚ ਨਿਪਟਾਏ ਜਾਣਗੇ। ਸੰਗੀਨ ਫੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਕਿਸਮ ਦੇ ਦੀਵਾਨੀ ਕੇਸ, ਪਰਿਵਾਰਿਕ ਝਗੜੇ, ਰੈਵਿਨਿਊ ਕੇਸ ਅਤੇ ਚੈੱਕ ਬਾਊਂਸ ਆਦਿ ਕੇਸਾਂ ਦੀ ਸੁਣਵਾਈ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੈਂਕ ਲੋਨ ਕੇਸ, ਇਨਸ਼ਿਉਰੈਂਸ ਰਿਕਵਰੀ ਕੇਸਾਂ ਦੀ ਵੀ ਸੁਣਵਾਈ ਹੋਵੇਗੀ। ਇਹ ਪ੍ਰਗਟਾਵਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਏਕਤਾ ਉੱਪਲ ਵੱਲੋਂ ਫਿਰੋਜ਼ਪੁਰ ਦੇ ਪੱਤਰਕਾਰਾਂ ਨਾਲ ਰੱਖੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਗਿਆ।
ਸੀਜੇਐੱਮ ਏਕਤਾ ਉੱਪਲ ਨੇ ਦੱਸਿਆ ਕਿ ਅਦਾਲਤਾਂ ਵਿੱਚ ਲੰਬਿਤ ਕੇਸਾਂ ਨੂੰ ਕੌਮੀ ਲੋਕ ਅਦਾਲਤ ਵਿੱਚ ਲਗਾਉਣ ਲਈ ਸੰਬਧਤ ਅਦਾਲਤ ਦੇ ਜੱਜ ਸਾਹਿਬਾਨ ਅਤੇ ਜਿਹੜੇ ਝਗੜੇ ਵਿਵਾਦ ਅਦਾਲਤਾਂ ਵਿੱਚ ਲੰਬਿਤ ਨਹੀਂ ਹਨ, ਸਬੰਧੀ ਦਰਖਾਸਤ ਸਾਦੇ ਕਾਗਜ ਤੇ ਲਿਖ ਕੇ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਪੇਸ਼ ਕੀਤੀ ਜਾ ਸਕਦੀ ਹੈ। ਇਸ ਲੋਕ ਅਦਾਲਤ ਵਿੱਚ ਫੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਹੁੰਦੀ ਹੈ। ਲੋਕ ਅਦਾਲਤ ਵਿੱਚ ਹੋਏ ਫੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ ਤੇ ਇਹ ਫੈਸਲੇ ਤਸੱਲੀਬਖਸ਼ ਹੁੰਦੇ ਹਨ ਅਤੇ ਇਸ ਨਾਲ ਧਿਰਾਂ ਨੂੰ ਮੁਕੱਦਮੇਬਾਜ਼ੀ ਤੋਂ ਮੁਕਤੀ ਮਿਲਦੀ ਹੈ। । ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਕੌਮੀ ਲੋਕ ਅਦਾਲਤ ਵਿੱਚ 3415 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਦੱਸਿਆ ਕਿ ਲੋਕਾਂ ਨੂੰ ਸਸਤਾ ਤੇ ਛੇਤੀ ਇਨਸਾਫ਼ ਮੁਹੱਈਆ ਕਰਵਾਉਣ ਲਈ ਹੀ ਇਹ ਲੋਕ ਅਦਾਲਤ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਮੁਫ਼ਤ ਕਾਨੂੰਨੀ ਸੇਵਾਵਾਂ, ਲੋਕ ਅਦਾਲਤਾਂ, ਮਿਡੀਏਸ਼ਨ ਸੈਂਟਰ, ਫਰੰਟ ਆਫਿਸ ਆਦਿ ਦੀਆਂ ਵੱਧ ਤੋਂ ਵੱਧ ਸੁਵਿਧਾਵਾਂ ਦੀ ਜਾਣਕਾਰੀ ਆਮ ਵਰਗ ਨੂੰ ਹੋਣੀ ਜ਼ਰੂਰੀ ਹੈ ਇਸ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਪਣੇ ਪੱਧਰ ‘ਤੇ ਵੀ ਸ਼ਹਿਰ ਅਤੇ ਪਿੰਡਾਂ ਦੇ ਦੌਰੇ ਕਰ ਕੇ, ਪੈਂਫਲੇਟ ਛਪਵਾ ਕੇ ਅਤੇ ਵੈਬੀਨਾਰ\ਸੈਮੀਨਾਰ ਦਾ ਆਯੋਜਨ ਕਰਕੇ ਅਤੇ ਧਾਰਮਿਕ ਸਥਾਨਾਂ ਤੋਂ ਅਨਾਊਸਮੈਂਟਾਂ ਕਰਵਾ ਕੇ ਆਮ ਲੋਕਾਂ ਨੂੰ ਕੌਮੀ ਲੋਕ ਅਦਾਲਤ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ, ਸਕੀਮਾਂ ਤੇ ਸਮਾਜਿਕ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੀਆਂ ਸਾਰੀਆਂ ਸੇਵਾਵਾਂ/ਗਤੀਵਿਧੀਆਂ/ਪ੍ਰਾਪਤੀਆਂ ਦਾ ਪ੍ਰਸਾਰਣ ਕਰਕੇ ਹੋਰ ਲੋੜਵੰਦ ਲੋਕਾਂ ਨੂੰ ਜਾਗਰੂਕ ਕਰਕੇ ਸੱਸਤੇ ਅਤੇ ਛੇਤੀ ਇਨਸਾਫ਼ ਉਪਲੱਬਧ ਕਰਵਾਉਣ ਵਿੱਚ ਉਹ ਮਦਦਗਾਰ ਸਾਬਿਤ ਹੋਣ।

Spread the love