ਪਲੇਸਮੈਂਟ ਕੈਂਪ ‘ਚ 11 ਉਮੀਦਵਾਰ ਕੀਤੇ ਦੂਜੇ ਗੇੜ ਦੀ ਇੰਟਰਵਿਊ ਲਈ ਸ਼ਾਰਟਲਿਸਟ

ਚੁਣੇ ਉਮੀਦਵਾਰਾਂ ਨੂੰ 2 ਲੱਖ 76 ਹਜ਼ਾਰ ਰੁਪਏ ਸਾਲਾਨਾ ਦਿੱਤੀ ਜਾਵੇਗੀ ਤਨਖਾਹ

ਰੂਪਨਗਰ, 28 ਮਾਰਚ :- ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀ ਅਰੁਣ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਹਫਤਾਵਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ 11 ਉਮੀਦਵਾਰਾਂ ਨੂੰ ਦੂਜੇ ਗੇੜ ਦੀ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਇੰਟਰਵਿਊ ਵਿਚ 17 ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ ਸੀ, ਜਿਨ੍ਹਾਂ ਵਿੱਚੋਂ  11 ਉਮੀਦਵਾਰਾਂ ਨੂੰ ਰਿਲੈਸ਼ਨਸ਼ਿਪ ਮੈਨੇਜਰ ਦੀ ਅਸਾਮੀਆਂ ਲਈ ਮੌਕੇ ਤੇ ਹੀ ਸ਼ਾਰਟਲਿਸਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੂਜੇ ਗੇੜ ਦੀ ਇੰਟਰਵਿਊ ਉਪਰੰਤ ਚੁਣੇ ਗਏ ਫਰੈਸ਼ਰ ਅਤੇ ਤਜਰਬੇਕਾਰ ਉਮੀਦਵਾਰਾਂ ਨੂੰ ਅਹੁੱਦੇ ਮੁਤਾਬਿਕ 2 ਲੱਖ 76 ਹਜ਼ਾਰ ਰੁਪਏ ਸਾਲਾਨਾ ਤਨਖਾਹ ਦਿੱਤੀ ਜਾਵੇਗੀ।

ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਜ਼ਗਾਰ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਆਈ.ਸੀ.ਆਈ.ਸੀ.ਆਈ ਬੈਂਕ ਦੇ ਨਿਯੋਜਕਾਂ ਵੱਲੋਂ ਜ਼ਿਲ੍ਹਾ ਰੂਪਨਗਰ ਵਾਸਤੇ ਰਿਲੈਸ਼ਨਸ਼ਿਪ ਮੈਨੇਜਰ ਦੀਆਂ ਅਸਾਮੀਆਂ ਲਈ ਬੇਰੋਜ਼ਗਾਰ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।

ਉਨ੍ਹਾਂ ਕਿਹਾ ਕਿ ਇਸ ਇੰਟਰਵਿਊ ਲਈ ਯੋਗਤਾ ਰੈਗੂਲਰ ਮੋਡ ਰਾਹੀ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਘੱਟੋਂ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਉਮਰ ਸੀਮਾ 18 ਤੋਂ 25 ਸਾਲ ਮੰਗੀ ਗਈ ਸੀ। ਇਸ ਤੋਂ ਇਲਾਵਾ ਗਰੈਜੂਏਸ਼ਨ ਦੇ ਅਖੀਰਲੇ ਸਾਲ ਵਿੱਚ ਪੜ੍ਹ ਰਹੇ ਵਿਦਿਆਰਥੀ ਵੀ ਇਸ ਇੰਟਰਵਿਊ ਲਈ ਹਾਜ਼ਰ ਹੋ ਸਕਦੇ ਸਨ। ਇਸ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਵਾਂ ਨੇ ਭਾਗ ਲਿਆ।

 

ਹੋਰ ਪੜ੍ਹੋ :- ਆਧਾਰ ਕਾਰਡਾਂ ਦੀ ਅਪਡੇਸ਼ਨ ਵਾਸਤੇ ਵੱਖ ਵੱਖ ਪਿੰਡਾਂ ’ਚ ਡੇਢ ਦਰਜਨ ਕੈਂਪ ਲਾਏ