12ਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਸਦਕਾ ਸਰਕਾਰੀ ਸਕੂਲ ਅਧਿਆਪਕਾਂ ‘ਚ ਭਰਿਆ ਨਵਾਂ ਜੋਸ਼

ਫ਼ਾਜ਼ਿਲਕਾ 31 ਜੁਲਾਈ 20221
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਨੇ ਰਾਜ ਦੇ ਸਰਕਾਰੀ ਸਕੂਲ ਅਧਿਆਪਕਾਂ ‘ਚ ਨਵਾਂ ਜੋਸ਼ ਭਰ ਦਿੱਤਾ ਹੈ। ਜਿਲ੍ਹਾ ਫਾਜਿਲਕਾ ਦੇ ਸਰਕਾਰੀ ਸਕੂਲਾਂ ਦੇ 11762 ਵਿਦਿਆਰਥੀਆਂ ਨੇ ਸਲਾਨਾ ਪ੍ਰੀਖਿਆ ਦਿੱਤੀ ਅਤੇ ਇਸ ‘ਚੋਂ 10711 ਪ੍ਰੀਖਿਆਰਥੀ ਸਫਲ ਹੋਏ। ਇਸ ਤਰ੍ਹਾਂ ਜਿਲ੍ਹੇ ਦੀ ਪਾਸ ਪ੍ਰਤੀਸ਼ਤਤਾ 91.06 ਰਹੀ।
ਇਸ ਨਤੀਜੇ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਡਾ. ਤ੍ਰਿਲੋਚਨ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਰੋਨਾ ਪਾਬੰਦੀਆਂ ਕਾਰਨ ਜਿਆਦਾਤਰ ਸਮਾਂ ਸਕੂਲ ਬੰਦ ਰਹਿਣ ਦੇ ਬਾਵਜ਼ੂਦ ਵੀ ਆਧੁਨਿਕ ਸੰਚਾਰ ਸਾਧਨਾਂ ਰਾਹੀਂ ਮਿਆਰੀ ਸਿੱਖਿਆ ਪ੍ਰਦਾਨ ‘ਚ ਕੋਈ ਕਸਰ ਨਹੀਂ ਛੱਡੀ। ਇਸੇ ਮਨੋਰਥ ਲਈ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਪ੍ਰਦਾਨ ਕੀਤੇ ਗਏ। ਜਿਨ੍ਹਾਂ ਦਾ ਵਿਦਿਆਰਥੀਆਂ ਨੇ ਖੂਬ ਫਾਇਦਾ ਉਠਾਇਆ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਅਧਿਆਪਕਾਂ ਨੇ ਵਿਭਾਗ ਵੱਲੋਂ ਤਿਆਰ ਕੀਤੀ ਡਿਜ਼ੀਟਲ ਵਿੱਦਿਅਕ ਸਮੱਗਰੀ ਨੂੰ ਵਿਦਿਆਰਥੀਆਂ ਤੱਕ ਪੁਹੰਚਾਉਣ ਲਈ ਵੱਖ-ਵੱਖ ਐਪਸ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਵਿਭਾਗ ਦੀ ਐਜੂਕੇਅਰ ਐਪ ਰਾਹੀਂ ਵਿਭਾਗ ਦੇ ਮਾਹਿਰਾਂ ਨੇ ਮਿਆਰੀ ਵਿੱਦਿਅਕ ਸਮੱਗਰੀ ਇੱਕ ਬਸਤੇ ਦੇ ਰੂਪ ‘ਚ ਵਿਦਿਆਰਥੀਆਂ ਤੱਕ ਪੁੱਜਦੀ ਕੀਤੀ, ਜਿਸ ਦਾ ਫਾਇਦਾ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਉਠਾਇਆ। ਉਨ੍ਹਾਂ ਕਿਹਾ ਕਿ ਭਾਵੇਂ ਇਸ ਵਾਰ ਕੋਵਿਡ-19 ਕਾਰਨ ਸਲਾਨਾ ਪ੍ਰੀਖਿਆਵਾਂ ਨਹੀਂ ਹੋਈਆਂ ਪਰ ਰਾਜ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਲਈ ਹਰ ਸੰਭਵ ਤਰੀਕੇ ਤੇ ਸਾਧਨ ਰਾਹੀਂ ਤਿਆਰੀ ਕਰਵਾਈ ਗਈ ਸੀ।
ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਬ੍ਰਿਜ ਮੋਹਨ ਸਿੰਘ ਬੇਦੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਜਮਾਤ ਵਾਲਾ ਮਾਹੌਲ ਦੇਣ ਲਈ ਡੀਡੀ ਪੰਜਾਬੀ ਟੀਵੀ ਚੈਨਲ ਰਾਹੀਂ ਵੀ ਨਿਰੰਤਰ ਜਮਾਤਾਂ ਲਗਾਈਆਂ। ਪਿਛਲੇ ਸ਼ੈਸ਼ਨ ਦੌਰਾਨ ਜਦੋਂ ਹੀ ਸਕੂਲ ਕੁਝ ਸਮੇਂ ਲਈ ਖੁੱਲ੍ਹੇ ਤਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵਾਧੂ ਜਮਾਤਾਂ ਲਗਾ ਕੇ, ਆਪਣੇ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆ ਲਈ ਪੂਰੀ ਤਰ੍ਹਾਂ ਤਿਆਰ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਸਮੁੱਚੇ ਰੂਪ ‘ਚ ਸਰਕਾਰੀ ਸਕੂਲ ਅਧਿਆਪਕਾਂ ਨੇ ਕਰੋਨਾ ਸੰਕਟ ਦੌਰਾਨ ਪਹਿਲਾ ਨਾਲੋਂ ਵੀ ਵਧੇਰੇ ਮਿਹਨਤ ਕੀਤੀ।
ਡਾ. ਸਿੱਧੂ ਨੇ ਸਲਾਨਾ ਪ੍ਰੀਖਿਆ ‘ਚ ਸਫਲ ਹੋਏ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਤੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਵਾਰ ਸਲਾਨਾ ਪ੍ਰੀਖਿਆਵਾਂ ਕੋਵਿਡ-19 ਸੰਕਟ ਕਾਰਨ ਨਹੀਂ ਹੋ ਸਕੀਆ ਸਨ ਤੇ ਬਾਰਵੀਂ ਜਮਾਤ ਦਾ ਨਤੀਜਾ ਵਿਦਿਆਰਥੀਆਂ ਦੀ ਦਸਵੀਂ, ਗਿਆਰਵੀਂ ਤੇ 12ਵੀਂ ਜਮਾਤ ਦੀ ਸਮੁੱਚੇ ਸਾਲ ਦੀ ਕਾਰਗੁਜ਼ਾਰੀ ਨੂੰ ਅਧਾਰ ਬਣਾਕੇ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਂਟਰ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਸੀ.) ਦੇ ਪੈਟਰਨ ਅਨੁਸਾਰ ਐਲਾਨਿਆ ਗਿਆ ਹੈ।

Spread the love