ਰੂਪਨਗਰ 26 ਅਗਸਤ 2021
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੀ ਸਮੱਸਿਆ ਦੇ ਮੱਦੇਨਜ਼ਰ 1200 ਤੋ ਵੱਧ ਵੋਟਾਂ ਵਾਲੇ ਪੋਲਿੰਗ ਸਟੇਸ਼ਨਾਂ ਨੂੰ ਤੋੜ ਕੇ ਵੱਖਰੇ ਪੋਲਿੰਗ ਸਟੇਸ਼ਨ ਬਣਾਏ ਜਾਣੇ ਹਨ। ਜਿਸ ਲਈ ਰਾਜਨੀਤਿਕ ਪਾਰਟੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਉਹਨਾਂ ਦੇ ਸੁਝਾਅ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਵਿੰਦਰ ਸਿੰਘ ਜੋਹਲ,ਐਸ.ਡੀ.ਐਮ -ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ ਰੂਪਨਗਰ ਵੱਲੋ ਦੱਸਿਆ ਗਿਆ ਕਿ ਆਗਾਮੀ ਵਿਧਾਨ ਸਭਾ ਚੋਣਾ ਦੋਰਾਨ ਕੋਵਿਡ-19 ਦੇ ਮੱਦੇਨਜਰ ਭਾਰਤ ਚੋਣ ਕਮਿਸ਼ਨ ਵੱਲੋ ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦੀ ਲਿਮਟ ਨੂੰ 1400 ਤੋ ਘੱਟ ਕਰਕੇ 1200 ਕਰ ਦਿੱਤਾ ਗਿਆ ਹੈ। ਜਿਸ ਅਨੁਸਾਰ ਇਸ ਦਫਤਰ ਵੱਲੋ ਡਰਾਫਟ ਤਿਆਰ ਕਰਕੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੇ ਗਏ ਸਨ। ਉਹਨਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਵੱਲੋ ਇਸ ਡਰਾਫਟ ਪ੍ਰਤੀ ਜੋ ਵੀ ਸੁਝਾਅ ਪੇਸ਼ ਕੀਤੇ ਹਨ ਉਹਨਾਂ ਨੂੰ ਤਜ਼ਵੀਜ਼ ਵਿੱਚ ਸ਼ਾਮਿਲ ਕਰਕੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਭੇਜ਼ ਦਿੱਤਾ ਜਾਵੇਗਾ। ਇਸ ਉਪਰੰਤ ਪ੍ਰਵਾਨਗੀ ਮਿਲਣ ਤੇ ਨਵੇਂ ਪੋਲਿੰਗ ਸਟੇਸ਼ਨ ਹੋਂਦ ਵਿੱਚ ਆ ਜਾਣਗੇ। ਉਹਨਾਂ ਇਹ ਵੀ ਦੱਸਿਆ ਕਿ ਹੁਣ ਵਿਧਾਨ ਸਭਾ ਚੋਣ ਹਲਕਾ 50-ਰੂਪਨਗਰ ਵਿੱਚ 205 ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ਦੇ ਵੱਧ ਕੇ ਹੁਣ 228 ਹੋਣ ਜਾਣ ਦੀ ਉਮੀਦ ਹੈ। ਇਸ ਮੀਟਿੰਗ ਵਿੱਚ ਸ਼੍ਰੀ ਕੁਲਦੀਪ ਸਿੰਘ ਤਹਿਸੀਲਦਾਰ,ਰੂਪਨਗਰ,ਸ਼੍ਰੀ ਅਮਨਦੀਪ ਸਿੰਘ ਚੋਣ ਕਾਨੂੰਗੋਂ 50-ਰੂਪਨਗਰ ਤੋ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਹਾਜ਼ਰ ਸਨ,ਜਿਹਨਾਂ ਵਿੱਚ ਸ਼੍ਰੀ ਪਰਮਜੀਤ ਸਿੰਘ ਮੱਕੜ ਸ਼੍ਰੋਮਣੀ ਅਕਾਲੀ ਦਲ, ਸ਼੍ਰੀ ਸਰਬਜੀਤ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੀ ਗੁਰਿੰਦਰ ਸਿੰਘ ਗੋਗੀ ਸ਼ੋ੍ਰਮਣੀ ਅਕਾਲੀ ਦਲ, ਸ਼੍ਰੀ ਦਵਿੰਦਰ ਸਿੰਘ ਨਗਲੀ ਸੀ.ਪੀ.ਆਈ,ਸ਼੍ਰੀ ਚਰਨਜੀਤ ਸਿੰਘ ਘਈ ਬਹੁਜਨ ਸਮਾਜ ਪਾਰਟੀ, ਸ਼੍ਰੀ ਵੇਦ ਪ੍ਰਕਾਸ਼ ਸ਼ੋ੍ਰਮਣੀ ਅਕਾਲੀ ਦਲ ਆਦਿ ਹਾਜ਼ਰ ਸਨ।