ਗੁਰਦਾਸਪੁਰ, 23 ਜਨਵਰੀ 2022
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲੇ ਅੰਦਰ ਇਕੋ ਦਿਨ (ਐਤਵਾਰ) ਸ਼ਾਮ 5 ਵਜੇ ਤਕ 13889 ਲੋਕਾਂ ਨੂੰ ਕੋਵਿਡ ਵਿਰੋਧੀ ਵੈਕਸੀਨ ਲਗਾਈ ਗਈ।
ਹੋਰ ਪੜ੍ਹੋ :-ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਦੇ ਵਿਦਿਆਰਥੀਆਂ ਦੀ ਕੋਵਿਡ ਵੈਕਸੀਨ ਲਗਵਾਉਣ ਹਿਤ 7ਵੇਂ ਕੈਂਪ ਦਾ ਆਯੋਜਨ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨਾਂ ਲੋਕਾਂ ਵਲੋਂ ਅਜੇ ਤਕ ਆਪਣੀ ਪਹਿਲੀ ਜਾਂ ਨਿਰਧਾਰਤ ਸਮੇਂ ਤੋਂ ਬਾਅਦ ਦੂਜੀ ਵੈਕਸੀਨ ਨਹੀ ਲਵਾਈ, ਉਹ ਵੈਕਸੀਨ ਲਗਵਾ ਲੈਣ। ਉਨਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵੈਕਸੀਨ ਲਗਵਾਉਣ ਵਿਚ ਅਣਗਹਿਲੀ ਜਾਂ ਦੇਰੀ ਨਾ ਕੀਤੀ ਜਾਵੇ, ਤਾਂ ਜੋ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਯੋਗ ਵੋਟਰਾਂ ਦੀ 100 ਫੀਸਦ ਵੋਟਿੰਗ ਹੋ ਸਕੇ।
ਉਨਾਂ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਅੰਦਰ ਕੋਵਿਡ ਵਿਰੋਧੀ ਵੈਕਸੀਨ ਲਗਾਉਣ ਲਈ ਸਿਹਤ ਵਿਭਾਗ ਵਲੋਂ 321 ਟੀਮਾਂ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਵੈਕਸੀਨ ਲਗਵਾਉਣ ਵਿਚ ਹੋਰ ਤੇਜ਼ੀ ਲਿਆਂਦੀ ਜਾ ਸਕੇ। ਉਨਾਂ ਕਿਹਾ ਕਿ ਲੋਕ ਆਪਣੀ, ਆਪਣੇ ਪਰਿਵਾਰ-ਰਿਸ਼ਤੇਦਾਰਾਂ ਤੇ ਆਲੇ-ਦੁਆਲੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਵੈਕਸੀਨ ਲਗਵਾਉਣ ਵਿਚ ਲਾਪਰਵਾਹੀ ਨਾ ਵਰਤਣ।।
ਡਿਪਟੀ ਕਮਿਸ਼ਨਰ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲਾ ਵਾਸੀਆਂ ਕੋਲੋਂ ਭਰਪੂਰ ਸਹਿਯੋਗ ਦੀ ਆਸ ਰੱਖਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਵੈਕਸੀਨ ਲਗਾਉਣਾ ਬਹੁਤ ਜਰੂਰੀ ਹੈ ਅਤੇ ਇਸ ਪ੍ਰਤੀ ਲੋਕ ਦਿਨੋ ਦਿਨ ਸੰਜੀਦਾ ਹੋ ਰਹੇ ਹਨ, ਜੋ ਵਧੀਆ ਸੰਕੇਤ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ 15 ਤੋਂ 18 ਸਾਲ ਦੇ ਕਿਸੋਰਾਂ ਨੂੰ ਵੀ ਵੈਕਸੀਨ ਲਗਾਉਣ ਵਿਚ ਤੇਜ਼ੀ ਵਿੱਢੀ ਗਈ ਹੈ। ਉਨਾਂ ਕਿਹਾ ਕਿ ਉਨਾਂ ਨੂੰ ਪੂਰੀ ਆਸ ਹੈ ਕਿ ਜਿਹੜੇ ਲੋਕਾਂ ਨੇ ਅਜੇ ਤਕ ਵੈਕਸੀਨ ਨਹੀਂ ਲਗਾਈ, ਉਹ ਵੈਕਸੀਨ ਜਰੂਰ ਲਗਵਾਉਣਗੇ। ਉਨਾਂ ਜ਼ਿਲਾ ਵਾਸੀਆਂ ਨੂੰ ਵੈਕਸੀਨ ਲਗਾਉਣ ਦੇ ਨਾਲ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ।