ਡਿਪਟੀ ਕਮਿਸ਼ਨਰ ਨੇ ਵਿਧਾਨ ਸਭਾ ਚੋਣਾਂ ’ਚ ਪੂਰੀ ਟੀਮ ਵੱਲੋਂ ਨਿਭਾਈ ਭੂਮਿਕਾ ਦੀ ਕੀਤੀ ਸ਼ਲਾਘਾ
ਜਲੰਧਰ, 22 ਮਾਰਚ 2022
ਵਿਧਾਨ ਸਭਾ ਚੋਣਾਂ ਵਿੱਚ ਅਧਿਕਾਰੀਆਂ/ਕਰਮਚਾਰੀਆਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ 143 ਹੋਰ ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।
ਹੋਰ ਪੜ੍ਹੋ :-ਕੈਬਨਿਟ ਮੰਤਰੀ ਡਾ. ਵਿਜੈ ਕੁਮਾਰ ਨੇ ਅਹੁਦਾ ਸੰਭਾਲਿਆ
ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ, ਸਹਾਇਕ ਨੋਡਲ ਅਫ਼ਸਰਾਂ, ਮਾਸਟਰ ਟ੍ਰੇਨਰਾਂ ਸਮੇਤ ਅਧਿਕਾਰੀਆਂ/ਕਰਮਚਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਨਿਰਵਿਘਨ, ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਵਿਸ਼ਾਲ ਕਾਰਜ ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਸਦਕਾ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਬਾਇਓ-ਮੈਡੀਕਲ ਵੇਸਟ ਦੇ ਢੁੱਕਵੇਂ ਨਿਪਟਾਰੇ ਸਮੇਤ ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ਦੇ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਨਿਰਵਿਘਨ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਕਰੀਬ 20,000 ਸਿਵਲ ਅਤੇ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਪੋਸਟਲ ਬੈਲਟ ਸੁਵਿਧਾ ਦੀ ਚੋਣ ਕਰਨ ਵਾਲੇ ਪੀ.ਡਬਲਯੂ.ਡੀ. ਵੋਟਰਾਂ ਅਤੇ 80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਨੂੰ ਘਰ ਵਿੱਚ ਬੈਲਟ ਵੋਟਿੰਗ ਦੀ ਸਹੂਲਤ ਪ੍ਰਦਾਨ ਕੀਤੀ ਗਈ। ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਭਵਿੱਖ ਵਿੱਚ ਵੀ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਪ੍ਰਤੀ ਇਸੇ ਜੋਸ਼ ਅਤੇ ਲਗਨ ਨੂੰ ਬਰਕਰਾਰ ਰੱਖਣ ਦਾ ਸੱਦਾ ਦਿੱਤਾ।
ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਵਚਨਬੱਧਤਾ ਦੁਹਰਾਈ।