ਟੀਚੇ ਤਹਿਤ ਸਾਰੇ ਖੇਡ ਮੈਦਾਨ ਮੁਕੰਮਲ, ਬਰਨਾਲਾ ਮੋਹਰੀ ਜ਼ਿਲਿਆਂ ’ਚ ਸ਼ਾਮਲ: ਤੇਜ ਪ੍ਰਤਾਪ ਸਿੰਘ ਫੂਲਕਾ
ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ
ਬਰਨਾਲਾ, 9 ਜੁਲਾਈ 2021
ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਨੌਜਵਾਨ ਪੀੜੀ ਨੂੰ ਖੇਡ ਗਤੀਵਿਧੀਆਂ ਨਾਲ ਜੋੜਨ ਲਈ ਚਹੁੰਪੱਖੀ ਯਤਨ ਜਾਰੀ ਹਨ, ਜਿਸ ਤਹਿਤ ਜ਼ਿਲੇ ਵਿੱਚ ਮਗਨਰੇਗਾ ਸਕੀਮ ਅਧੀਨ ਸਾਲ 2020-21 ਵਿਚ 15 ਨਵੇਂ ਖੇਡ ਮੈਦਾਨ ਬਣਾ ਕੇ 100 ਫੀਸਦੀ ਟੀਚਾ ਪੂਰਾ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸਰਕਾਰ ਵੱਲੋਂ ਹਰ ਬਲਾਕ ਵਿੱਚ 5 ਨਵੇਂ ਖੇਡ ਦੇ ਮੈਦਾਨ ਮਗਨਰੇਗਾ ਸਕੀਮ ਅਧੀਨ ਬਣਾਉਣ ਦਾ ਟੀਚਾ ਦਿੱੱਤਾ ਗਿਆ ਸੀੇ। ਇਸ ਤਹਿਤ ਬਲਾਕ ਬਰਨਾਲਾ, ਸਹਿਣਾ ਤੇ ਮਹਿਲ ਕਲਾਂ ਵਿਚ ਕੁੱਲ 15 ਖੇਡ ਦੇ ਮੈਦਾਨ ਬਣਾਏ ਜਾਣੇ ਸਨ। ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਵੱਲੋਂ ਸਮਾਂਬੱਧ ਤਰੀਕੇ ਨਾਲ 72.9 ਲੱਖ ਰੁਪਏ ਦੀ ਲਾਗਤ ਨਾਲ ਸਾਰੇ 15 ਨਵੇਂ ਖੇਡ ਮੈਦਾਨ ਬਣਾ ਦਿੱਤੇ ਗਏ ਹਨ, ਜਿਸ ਨਾਲ ਬਰਨਾਲਾ ਮੋਹਰੀ ਜ਼ਿਲਿਆਂ ਵਿਚ ਸ਼ੁਮਾਰ ਹੋ ਗਿਆ ਹੈ।
ਉਨਾਂ ਦੱਸਿਆ ਕਿ ਇਨਾਂ ਪਿੰਡਾਂ ਵਿਚ ਨਾਨਕਪੁਰਾ ਪਿੰਡੀ ਧੌਲਾ (ਵਾਲੀਬਾਲ), ਫਤਿਹਪੁਰ ਪਿੰਡੀ ਧੌਲਾ (ਵਾਲੀਬਾਲ), ਫਤਿਹਗੜ ਛੰਨਾ (ਬੈਡਮਿੰਟਨ), ਕੱਟੂ (ਵਾਲੀਬਾਲ), ਬਿਲਾਸਪੁਰ ਪਿੰਡੀ ਧੌਲਾ (ਵਾਲੀਬਾਲ), ਵਜ਼ੀਦਕੇ ਖੁਰਦ (ਬਾਸਕਿਟਬਾਲ ਅਤੇ ਟਰੈਕ), ਕੁਤਬਾ (ਬਾਸਕਿਟਬਾਲ), ਦੀਵਾਨਾ (ਬਾਸਕਿਟਬਾਲ ਅਤੇ ਟਰੈਕ), ਰਾਏਸਰ ਪੰਜਾਬ (ਬਾਸਕਿਟਬਾਲ ਅਤੇ ਟਰੈਕ), ਵਜ਼ੀਦਕੇ ਕਲਾਂ (ਵਾਲੀਬਾਲ), ਪੱਤੀ ਮੋਹਰ (ਵਾਲੀਬਾਲ), ਭੋਤਨਾ (ਵਾਲੀਬਾਲ), ਅਲਕੜਾ (ਵਾਲੀਬਾਲ), ਚੀਮਾ (ਵਾਲੀਬਾਲ) ਤੇ ਭਗਤਪੁਰਾ (ਵਾਲੀਬਾਲ) ਸ਼ਾਮਲ ਹਨ। ਉਨਾਂ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਰਾਹੀਂ ਪਿੰਡਾਂ ਵਿਚ ਬਣਾਏ ਇਹ ਖੇਡ ਦੇ ਮੈਦਾਨ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਵੀਂ ਲਹਿਰ ਲੈ ਕੇ ਆਉਣਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਨਵਲ ਰਾਮ ਨੇ ਦੱਸਿਆ ਕਿ ਇਹ ਖੇਡ ਦੇ ਮੈਦਾਨ ਜਿੱਥੇ ਨੌਜਵਾਨੀ ਲਈ ਵਰਦਾਨ ਹਨ, ਉਥੇ ਮਗਨਰੇਗਾ ਤਹਿਤ ਕਾਮਿਆਂ ਨੂੰ ਰੋਜ਼ਗਾਰ ਵੀ ਮਿਲਿਆ ਹੈ। ਉਨਾਂ ਕਿਹਾ ਕਿ ਆਉਦੇ ਸਮੇਂ ਵੀ ਅਜਿਹੇ ਵਿਕਾਸ ਕਾਰਜ ਜਾਰੀ ਰਹਿਣਗੇ।
ਇਸ ਮੌਕੇ ਬਲਾਕ ਮਹਿਲ ਕਲਾਂ ਦੇ ਪਿੰਡ ਕੁਤਬਾ ਦੀ ਸਰਪੰਚ ਕੁਲਦੀਪ ਕੌਰ, ਨਾਨਕਪੁਰਾ ਪਿੰਡੀ ਧੌਲਾ ਦੇ ਹਰਮੇਲ ਸਿੰਘ ਤੇ ਬਿਲਾਸਪੁਰ ਦੇ ਹੀਰਾ ਸਿੰਘ ਨੇ ਆਖਿਆ ਕਿ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਅਤੇ ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਨ ਦੀ ਵੱਡੀ ਲੋੜ ਹੈ ਤਾਂ ਜੋ ਸਾਡੀ ਨੌਜਵਾਨੀ ਸਿਹਤਮੰਦ ਤੇ ਖੁਸ਼ਹਾਲ ਰਹੇ।