ਸਿੱਖਿਆ ਵਿਭਾਗ ਨਵੰਬਰ ਦੇ ਅੰਤ ਤੱਕ 15 ਹਜ਼ਾਰ ਅਧਿਆਪਕਾਂ ਤੇ 12 ਹਜ਼ਾਰ ਲੈਕਚਰਾਰਾਂ ਦੀ ਕਰੇਗਾ ਭਰਤੀ

ਸਿੱਖਿਆ ਵਿਭਾਗ ਨਵੰਬਰ ਦੇ ਅੰਤ ਤੱਕ 15 ਹਜ਼ਾਰ ਅਧਿਆਪਕਾਂ ਤੇ 12 ਹਜ਼ਾਰ ਲੈਕਚਰਾਰਾਂ ਦੀ ਕਰੇਗਾ ਭਰਤੀ
ਰੋਜ਼ਗਾਰ ਯੋਗਤਾ ਦੇ ਵਾਧੇ ਲਈ ਹੁਨਰ ਅਧਾਰਤ ਸਿੱਖਿਆ ਦੀ ਕੀਤੀ ਜਾਵੇਗੀ ਸ਼ੁਰੂਆਤ – ਪਰਗਟ ਸਿੰਘ
ਵਿਕਾਸ ਪ੍ਰੋਗਰਾਮਾਂ ‘ਚ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਦੀ ਹੈ ਲੋੜ
ਸਰਕਾਰੀ ਕਾਲਜ਼(ਲੜਕੀਆਂ) ‘ਚ ‘ਪੰਜਾਬ ਦਾ ਭਵਿੱਖ’ ਪ੍ਰੋਗਰਾਮ ਮੌਕੇ ਵਿਦਿਆਰਥਣਾਂ ਨਾਲ ਹੋਏ ਰੂ-ਬਰੂ

ਲੁਧਿਆਣਾ, 21 ਅਕਤੂਬਰ 2021

ਪੰਜਾਬ ਵਿੱਚ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਸਿੱਖਿਆ, ਖੇਡਾਂ ਅਤੇ ਪਰਵਾਸੀ ਭਾਰਤੀ ਮਾਮਨੇ ਮੰਤਰੀ ਸ. ਪਰਗਟ ਸਿੰਘ ਨੇ ਅੱਜ ਕਿਹਾ ਕਿ ਸਿੱਖਿਆ ਵਿਭਾਗ ਨਵੰਬਰ ਦੇ ਅੰਤ ਤੱਕ 15 ਹਜ਼ਾਰ ਅਧਿਆਪਕਾਂ ਤੇ 12 ਹਜ਼ਾਰ ਲੈਕਚਰਾਰਾਂ ਦੀ ਭਰਤੀ ਕਰੇਗਾ।

ਸਰਕਾਰੀ ਕਾਲਜ (ਲੜਕੀਆਂ) ਵਿੱਚ ‘ਪੰਜਾਬ ਦਾ ਭਵਿੱਖ’ ਪ੍ਰੋਗਰਾਮ ਦੌਰਾਨ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਕਈ ਮਹੱਤਵਪੂਰਨ ਵਿਭਾਗਾਂ ਵਿੱਚ ਕਈ ਸਾਲਾਂ ਤੋਂ ਭਰਤੀਆਂ ਨਹੀਂ ਕੀਤੀਆਂ ਗਈਆ, ਪਰ ਹੁਣ ਇਸ ਵਿੱਚ ਹੋਰ ਦੇਰੀ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਫਾਸਟ ਟਰੈਕ ਮੋਡ ‘ਤੇ ਕੀਤੀ ਜਾ ਰਹੀ ਹੈ ਅਤੇ ਖਾਲੀ ਅਸਾਮੀਆਂ ਦਾ ਇਹ ਬੈਕਲਾਗ ਜਲਦ ਹੀ ਦੂਰ ਕਰ ਦਿੱਤਾ ਜਾਵੇਗਾ।

ਉਨ੍ਹਾਂ ਅੱਗੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰ ਅਧਾਰਤ ਪਾਠਕ੍ਰਮ ਵੀ ਪੇਸ਼ ਕਰੇਗੀ।

ਨਵੇਂ ਕਿੱਤਾਮੁਖੀ ਕੋਰਸ ਸ਼ੁਰੂ ਕਰਕੇ ਵਿਦਿਆਰਥੀਆਂ ਦੇ ਹੁਨਰ ਨੂੰ ਵਧਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਪਹਿਲਾਂ ਹੀ ਉਦਯੋਗਪਤੀਆਂ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਜਲਦ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ।

ਵਿਦਿਆਰਥਣਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਪ੍ਰੇਰਨਾ ਦਿੰਦੇ ਹੋਏ ਸ. ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਵਿੱਚ ਸਮਾਜ ਨੂੰ ਬਦਲਣ ਦੀ ਅਸੀਮ ਸਮਰੱਥਾ ਹੈ ਅਤੇ ਉਹ ਦੇਸ਼ ਨੂੰ ਨਵੀਆਂ ਉਚਾਈਆਂ ਤੇ ਲੈ ਜਾ ਸਕਦੀਆਂ ਹਨ।

ਉਨ੍ਹਾਂ ਦੱਸਿਆ ਕਿ ਇਹ ਪੀੜ੍ਹੀ ਆਪਣੀ ਊਰਜ਼ਾ ਸ਼ਕਤੀ ਨਾਲ ਸਮਾਜ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆ ਸਕਦੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਵਿਕਾਸ ਪ੍ਰੋਗਰਾਮਾਂ ਵਿੱਚ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਦੀ ਲੋੜ ਹੈ।

ਦਿੱਲੀ ਦੀ ਸਾਬਕਾ ਸਿੱਖਿਆ ਮੰਤਰੀ ਕਿਰਨ ਵਾਲੀਆ ਨੇ ਵੀ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਜੀਵਨ ਵਿੱਚ ਨਵੀਆਂ ਉਚਾਈਆਂ ਛੂਹਣ ਲਈ ਪ੍ਰੇਰਿਤ ਕੀਤਾ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਕਾਲਜ ਵਿੱਚ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਗਾਰਡ ਆਫ਼ ਆਨਰ ਤੋਂ ਸਲਾਮੀ ਲਈ।

ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬੀਰਇੰਦਰ ਸਿੰਘ ਢਿੱਲੋਂ, ਭਾਰਤੀ ਯੂਥ ਕਾਂਗਰਸ ਦੇ ਕੌਮੀ ਬੁਲਾਰੇ ਗੌਤਮ ਸੇਠ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ, ਪੰਜਾਬ ਮੀਡੀਅਮ ਡਿਵੈਲਪਮੈਂਟ  ਬੋਰਡ (ਪੀ.ਐਮ.ਆਈ.ਡੀ.ਬੀ.) ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਪ੍ਰਿੰਸੀਪਲ ਸਿਮਰਜੀਤ ਸਿੱਧੂ ਅਤੇ ਹੋਰ ਹਾਜ਼ਰ ਸਨ।

Spread the love