ਡੀ.ਸੀ. ਵੱਲੋਂ ਉਦਯੋਗ ਦੇ ਭਰਵੇਂ ਹੁੰਗਾਰੇ ਦਾ ਸਵਾਗਤ
ਕਿਹਾ ! ਟੀਕਾਕਰਨ ‘ਚ ਤੇਜ਼ੀ ਮਹਾਂਮਾਰੀ ਦੀ ਕਮਰ ਤੋੜ ਦੇਵੇਗੀ
ਲੁਧਿਆਣਾ, 25 ਮਈ 2021 ਇੱਕ ਮਹੱਤਵਪੂਰਨ ਅੰਕੜੇ ਤਹਿਤ, ਲੁਧਿਆਣਾ ਦੀਆਂ ਲਗਭਗ 17 ਵੱਖ-ਵੱਖ ਉਦਯੋਗਿਕ ਇਕਾਈਆਂ ਵੱਲੋਂ ਆਪਣੇ 7,190 ਕਰਮਚਾਰੀਆਂ ਦੇ ਟੀਕਾਕਰਨ ਲਈ 30,91,700 ਲੱਖ ਰੁਪਏ ਦੀ ਕੋਵਿਡ ਵੈਕਸੀਨ ਮੰਗਵਾਉਣ ਲਈ ਆਰਡਰ ਬੁੱਕ ਕਰਵਾਇਆ ਹੈ।
ਅਗਲੇ ਦਿਨਾਂ ਵਿੱਚ ਵੈਕਸੀਨ ਦੀ ਖੇਪ ਆਉਣ ਦੀ ਉਮੀਦ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਫੈਕਟਰੀਆਂ ਵਿਚ ਜਾ ਕੇ ਟੀਕਾਕਰਨ ਕੈਂਪ ਲਗਾਏ ਜਾਣਗੇ।
ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ 17 ਉਦਯੋਗਿਕ ਇਕਾਈਆਂ ਨੇ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ, ਦੋਵਾਂ ਤੋਂ ਪ੍ਰਸ਼ਾਸਨ ਰਾਹੀਂ 7,190 ਵਰਕਰਾਂ ਨੂੰ ਲਗਭਗ 30 ਲੱਖ ਰੁਪਏ ਦੀ ਵੈਕਸੀਨ ਮੰਗਵਾਈ ਹੈ।
ਉਨ੍ਹਾਂ ਕਿਹਾ ਕਿ ਗੰਗਾ ਐਕਰੋ ਵੂਲਜ਼ ਲਿਮਟਿਡ ਨੇ ਆਪਣੇ 3,000 ਕਰਮਚਾਰੀਆਂ ਦੇ ਟੀਕਾਕਰਨ ਲਈ ਆਰਡਰ ਬੁੱਕ ਕੀਤਾ ਹੈ ਅਤੇ 12.90 ਲੱਖ ਰੁਪਏ ਅਦਾ ਕੀਤੇ ਹਨ, ਏਵਨ ਸਾਈਕਲ ਨੇ ਆਪਣੇ 500 ਕਰਮਚਾਰੀਆਂ ਦੇ ਟੀਕੇ ਲਈ 2.15 ਲੱਖ ਰੁਪਏ ਅਦਾ ਕੀਤੇ ਹਨ, ਆਰ.ਬੀ. ਨਿੱਟ ਐਕਸਪੋਰਟਸ ਨੇ 210 ਵਰਕਰਾਂ ਲਈ 90,300 ਰੁਪਏ ਅਦਾ ਕੀਤੇ ਹਨ, ਭਸੀਨ ਐਂਡ ਕੰਪਨੀ ਨੇ 50 ਮੁਲਾਜ਼ਮਾਂ ਲਈ 21,500 ਰੁਪਏ, ਰਿਧੀ ਪ੍ਰੋਸੈਸਰਜ਼ ਪ੍ਰਾਈਵੇਟ ਲਿਮਟਿਡ ਨੇ 300 ਟੀਕਾਕਰਣ ਕਰਨ ਲਈ 1.29 ਲੱਖ ਰੁਪਏ ਦੀ ਅਦਾਇਗੀ ਕੀਤੀ ਹੈ, ਏਵਨ ਇਸਪਾਤ ਐਂਡ ਪਾਵਰ ਲਿਮਟਿਡ ਨੇ 274 ਕਰਮਚਾਰੀਆਂ ਲਈ 1.17 ਲੱਖ ਰੁਪਏ ਅਦਾ ਕੀਤੇ, ਈਵਲਾਈਨ ਇੰਟਰਨੈਸ਼ਨਲ ਨੇ 500 ਕਰਮਚਾਰੀਆਂ ਲਈ 2.15 ਲੱਖ ਰੁਪਏ ਅਦਾ ਕੀਤੇ ਅਤੇ ਕੁਡੂ ਨਿਟ ਪ੍ਰੋਸੈਸ ਪ੍ਰਾਈਵੇਟ ਲਿਮਟਿਡ ਨੇ 200 ਕਾਮਿਆਂ ਲਈ 86,000 ਰੁਪਏ ਅਦਾ ਕੀਤੇ ਹਨ।
ਇਸੇ ਤਰ੍ਹਾਂ ਉਨ੍ਹਾਂ ਅੱਗੇ ਕਿਹਾ ਕਿ ਗਲੋਬ ਆਟੋਮੋਬਾਈਲ ਪ੍ਰਾਈਵੇਟ ਲਿਮਟਿਡ ਨੇ 470 ਕਰਮਚਾਰੀਆਂ ਲਈ 98,470 ਰੁਪਏ, ਮਹਿਤਾ ਆਟੋਮੋਟਿਵ ਨੇ 300 ਕਾਮਿਆਂ ਲਈ 1.29 ਲੱਖ ਰੁਪਏ, ਵਿਕਾਸ ਇੰਡਸਟ੍ਰੀਅਲ ਕਾਰਪੋਰੇਸ਼ਨ ਨੇ 820 ਕਰਮਚਾਰੀਆਂ ਲਈ 43,000 ਰੁਪਏ, ਯੰਗਮੈਨ ਵੂਲਨ ਮਿਲਜ਼ ਨੇ 820 ਕਰਮਚਾਰੀਆਂ ਲਈ 1.72 ਲੱਖ ਰੁਪਏ, ਈਸਟਮੈਨ ਇੰਡਸਟਰੀਜ਼ ਨੇ 357 ਕਰਮਚਾਰੀਆਂ ਲਈ 1.53 ਲੱਖ ਰੁਪਏ ਅਦਾ ਕੀਤੇ, ਪ੍ਰਮੇਸ਼ਵਰੀ ਸਕਿੱਲਜ ਨੇ 200 ਕਰਮਚਾਰੀਆਂ ਲਈ 86,000 ਰੁਪਏ ਅਤੇ ਸਹਿਜ ਸਲਿਊਸ਼ਨਜ਼ ਨੇ ਆਪਣੇ 150 ਕਰਮਚਾਰੀਆਂ ਲਈ 64,500 ਰੁਪਏ ਦੀ ਅਦਾਇਗੀ ਕੀਤੀ ਹੈ।
ਇਹ ਕਹਿੰਦੇ ਹੋਏ ਕਿ ਕੋਵਿਡ-19 ਮਹਾਂਮਾਰੀ ਦੀ ਤੀਜੀ ਲਹਿਰ ਨੂੰ ਰੋਕਣ ਲਈ ਇਹ ਟੀਕਾ ਇਕੋ-ਇੱਕ ਹਥਿਆਰ ਹੈ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਉਦਯੋਗਾਂ ਦੁਆਰਾ ਉਨ੍ਹਾਂ ਦੇ ਕਰਮਚਾਰੀਆਂ ਨੂੰ ਜਲਦ ਤੋਂ ਜਲਦ ਟੀਕਾਕਰਨ ਵਿਚ ਦਿਖਾਈ ਜਾ ਰਹੀ ਰੂਚੀ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਵੈਕਸੀਨੇਸ਼ਨ ਮਹਾਂਮਾਰੀ ਦੀ ਪਸਾਰ ਲੜੀ ਤੋੜੇਗੀ ਅਤੇ ਮਹਾਂਮਾਰੀ ਤੋਂ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਸਿੱਧ ਹੋਵੇਗੀ।
ਉਨ੍ਹਾਂ ਕਿਹਾ ਕਿ ਉਦਯੋਗਾਂ ਨੇ ਆਪਣੇ ਵਰਕਰਾਂ ਨੂੰ ਟੀਕਾ ਲਗਵਾਉਣ ਵਿਚ ਸਹਾਇਤਾ ਕਰਕੇ ਪੰਜਾਬੀਆਂ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਜਿਵੇਂ ਹੀ ਵੈਕਸੀਨ ਦੇ ਖੇਪ ਲੁਧਿਆਣਾ ਪਹੁੰਚਦੀ ਹੈ, ਪ੍ਰਸ਼ਾਸਨ ਇਨ੍ਹਾਂ ਫੈਕਟਰੀਆਂ ਵਿੱਚ ਟੀਕਾਕਰਨ ਕੈਂਪ ਦੀ ਸੁਰੂਆਤ ਕਰ ਦੇਵੇਗਾ।