ਜ਼ਿਲਾ ਯੋਜਨਾ ਬੋਰਡ ਨੇ ਫੰਡਾਂ ਦੀ ਦਿੱਤੀ ਮਨਜ਼ੂਰੀ
ਬਰਨਾਲਾ, 27 ਦਸੰਬਰ 2021
ਜ਼ਿਲਾ ਬਰਨਾਲਾ ਵਿੱਚ 0 ਤੋਂ 6 ਸਾਲ ਦੇ 19474 ਬੱਚਿਆਂ (0 ਤੋਂ 3 ਸਾਲ 14161 ਅਤੇ 3 ਤੋਂ 6 ਸਾਲ ਤੱਕ 5313) ਅਤੇ 2523 ਗਰਭਵਤੀਆਂ ਤੇ 3153 ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ 111.12 ਲੱਖ ਰੁਪਏ ਦੀ ਲਾਗਤ ਨਾਲ ਪੋਸ਼ਣ ਮੁਹੱਈਆ ਕਰਾਇਆ ਜਾਵੇਗਾ।
ਹੋਰ ਪੜ੍ਹੋ :-ਸਿਰਫ਼ ਸੱਤਾ ਨਹੀਂ, ਸਿਸਟਮ ਬਦਲਣਾ ‘ਆਪ’ ਦਾ ਮਿਸ਼ਨ – ਸੌਰਭ ਭਾਰਦਵਾਜ
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਕਰਨ ਢਿੱਲੋਂ ਨੇ ਦੱਸਿਆ ਕਿ ਇਸ ਤਹਿਤ ਜਨਰਲ ਵਰਗ ਨੂੰ 33.32 ਲੱਖ ਰੁਪਏ ਅਤੇ ਅਨੁਸੂਚਿਤ ਜਾਤੀਆਂ ਨੂੰ 77.80 ਲੱਖ ਰੁਪਏ ਦੇ ਲਾਭ ਮਿਲਣਗੇ। ਉਨਾਂ ਦੱਸਿਆ ਕਿ ਸਰਕਾਰ ਦੇ ਨਿਊਟ੍ਰੀਸ਼ਨ (ਆਈ.ਸੀ.ਡੀ.ਐਸ.) ਪ੍ਰੋਗਰਾਮ ਤਹਿਤ ਇਹ ਰਾਸ਼ੀ ਮਨਜ਼ੂਰ ਕੀਤੀ ਗਈ ਹੈ, ਜਿਸ ਤਹਿਤ ਜ਼ਿਲਾ ਬਰਨਾਲਾ ਦੇ 669 ਆਂਗਣਵਾੜੀ ਸੈਂਟਰਾਂ ਵਿੱਚ 0 ਤੋਂ 6 ਸਾਲ ਤੱਕ ਦੇ 19474 ਬੱਚਿਆਂ, 2523 ਗਰਭਵਤੀਆਂ ਤੇ 3153 ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੌਸ਼ਟਿਕ ਭੋਜਨ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਸਮਾਜ ਦੇ ਵਾਂਝੇ ਵਰਗ ਨੂੰ ਵਧੀਆ ਪੋਸ਼ਣ ਮੁਹੱਈਆ ਕਰਾਉਣ ਲਈ ਵਚਨਬੱਧ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਚੰਗੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਮਿਲ ਸਕੇ।
ਸ੍ਰੀ ਢਿੱਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਪੋਸ਼ਣ ਪ੍ਰੋਗਰਾਮ ਗ਼ਰੀਬ ਪਰਿਵਾਰਾਂ ਲਈ ਹੋਰ ਵੀ ਵਧੇਰੇ ਮਹੱਤਵ ਰੱਖਦਾ ਹੈ, ਜਦੋਂ ਬਹੁਤ ਸਾਰੇ ਮਾਪਿਆਂ ਕੋਲ ਸਥਿਰ ਰੋਜ਼ੀ-ਰੋਟੀ ਨਹੀਂ ਹੁੰਦੀ ਅਤੇ ਉਹ ਆਪਣੇ ਬੱਚਿਆਂ ਨੂੰ ਪੂਰਾ ਪੋਸ਼ਣ ਮੁਹੱਈਆ ਕਰਵਾਉਣ ਵਿੱਚ ਅਸਮਰੱਥ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਸਰਕਾਰ ਦੁਆਰਾ ਚਲਾਇਆ ਜਾਂਦਾ ਪੋਸ਼ਣ ਪ੍ਰੋਗਰਾਮ ਜੀਵਨ ਬਚਾਉਣ ਵਾਲਾ ਹੁੰਦਾ ਹੈ।
ਜ਼ਿਲਾ ਪ੍ਰੋਗਰਾਮ ਅਫਸਰ ਸ੍ਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੋਸ਼ਣ ਅਭਿਆਨ ਤਹਿਤ ਲਾਭਪਾਤਰੀਆਂ ਨੂੰ ਪੌਸ਼ਟਿਕ ਖੁਰਾਕ ਦਿੱਤੀ ਜਾਂਦੀ ਹੈ ਤਾਂ ਜੋ ਉਨਾਂ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੋ ਸਕੇ। ਉਨਾਂ ਨੂੰ ਮਲਟੀ-ਗ੍ਰੇਨ ਆਟਾ (ਕਣਕ, ਸੋਇਆ ਆਟਾ ਅਤੇ ਘਿਓ), ਚੌਲਾਂ ਦੀ ਖੀਰ, ਮੌਸਮੀ ਸਬਜ਼ੀਆਂ, ਕਣਕ-ਮੂੰਗੀ ਦਾ ਮਿਸ਼ਰਣ, ਪੰਜੀਰੀ, ਸੋਇਆ ਨਗੇਟਸ ਆਦਿ ਦਿੱਤੇ ਜਾਂਦੇ ਹਨ।