ਭਾਰਤ ਵਿਚ ਹਰ ਸਾਲ ਢਾਈ ਲੱਖ ਕਿਡਨੀ ਟਰਾਂਸਪਲਾਂਟ ਦੀ ਜਰੂਰਤ : ਡਾ. ਸੁਮੀਤ ਦੇਵਗਨ

ਜ਼ਿੰਦਾ ਗੁਰਦਾ ਦਾਨੀ ਤੋਂ ਕਿਡਨੀ ਟਰਾਂਸਪਲਾਂਟ ਦੇ ਖੇਤਰ ’ਚ ਭਾਰਤ ਦਾ ਦੂਜਾ ਸਥਾਨ
ਦੂਜੇ ਬਲੱਡ ਗਰੁੱਪ ਦੇ ਗੁਰਦਾ ਦਾਨੀ ਤੋਂ ਕਿਡਨੀ ਟਰਾਂਸਪਲਾਂਟ ਸੰਭਵ ਹੈ : ਡਾ. ਛਮਿੰਦਰਜੀਤ ਸਿੰਘ

ਚੰਡੀਗੜ, 28 ਜੁਲਾਈ  

ਗ੍ਰੇਸ਼ਿਅਨ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਦੇ ਡਾਕਟਰਾਂ ਦੀ ਟੀਮ ਨੇ ਗੁਰਦਿਆਂ ਦੇ ਫੇਲ ਹੋਣ ਅਤੇ ਕਿਡਨੀ ਟਰਾਂਸਪਲਾਂਟ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਗ੍ਰੇਸ਼ਿਅਨ ਹਸਪਤਾਲ ਦੇ ਗੁਰਦਿਆਂ ਸਬੰਧੀ ਰੋਗਾਂ ਅਤੇ ਕਿਡਨੀ ਟਰਾਂਸਪਲਾਂਟ ਦੇ ਕੰਸਲਟੈਂਟ ਡਾ. ਛਮਿੰਦਰਜੀਤ ਸਿੰਘ ਅਤੇ ਡਾ. ਸੁਮੀਤ ਦੇਵਗਨ ਨੇ ਸੰਬੋਧਨ ਕੀਤਾ।
ਡਾ. ਸੁਮੀਤ ਦੇਵਗਨ ਨੇ ਦੱਸਿਆ ਕਿ ਜਿੰਦਾ ਗੁਰਦਾ ਦਾਨੀ ਤੋਂ ਕਿਡਨੀ ਟਰਾਂਸਪਲਾਂਟ ਦੇ ਖੇਤਰ ਵਿਚ ਦੁਨੀਆਂ ’ਚ ਭਾਰਤ ਦਾ ਦੂਜਾ ਸਥਾਨ ਹੈ, ਜਿੱਥੇ 95 ਫੀਸਦੀ ਕਿਡਨੀ ਟਰਾਂਸਪਲਾਂਟ ਜਿੰਦਾ ਗੁਰਦਾ ਦਾਨੀਆਂ ਦੀ ਕਿਡਨੀ ਦੇ ਗੁਰਦਿਆਂ ਨਾਲ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਭਾਰਤ ਵਿਚ ਹਰ ਸਾਲ 5 ਲੱਖ ਲੋਕ ਅਚਾਨਕ ਅਹਿਮ ਅੰਗਾਂ ਦੇ ਫੇਲ ਹੋ ਜਾਣ ਕਾਰਨ ਮਰ ਜਾਂਦੇ ਹਨ। ਉਨਾਂ ਕਿਹਾ ਕਿ ਇਸ ਲਈ ਜਿੰਦਾ ਅਤੇ ਮੁਰਦਾ ਲੋਕਾਂ ਦੇ ਅੰਗ ਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਜਰੂਰਤ ਹੈ। ਡਾ. ਦੇਵਗਨ ਨੇ ਦੱਸਿਆ ਕਿ ਅਹਿਮ ਅੰਗਾ ਦੀ ਜਰੂਰਤ ਅਤੇ ਉਪਲਬਧਤਾ ਵਿਚਕਾਰ ਬਹੁਤ ਵੱਡਾ ਖੱਪਾ ਹੈ। ਜਿਸ ਨੂੰ ਚੇਤਨਾ ਪੈਦਾ ਕਰ ਕੇ ਪੂਰਿਆ ਜਾ ਸਕਦਾ ਹੈ, ਜੇ ਹਰ ਸਾਲ ਹਾਦਸਿਆਂ ਕਾਰਨ ਜਾਨਾਂ ਗੁਆਉਣ ਵਾਲੇ ਲਗਭਗ 4 ਲੱਖ ਲੋਕਾਂ ਦੇ ਅੰਗ ਦਾਨ ਕਰਨ ਸਬੰਧੀ ਜਾਗਿ੍ਰਤ ਕੀਤਾ ਜਾਵੇ।
ਉਨਾਂ ਦੱਸਿਆ ਕਿ ਹੁਣ ਦੂਜੇ ਬਲੱਡ ਗਰੁੱਪ ਦਾ ਗੁਰਦਾਦਾਨੀ ਵੀ ਅੰਗ ਦਾਨ ਕਰ ਸਕਦਾ ਹੈ ਅਤੇ ਇਸ ਦੀ ਟਰਾਂਸਪਲਾਂਟੇਸ਼ਨ ਸੰਭਵ ਹੈ, ਜੋ ਕਿਸੇ ਸਮੇਂ ਖਤਰਨਾਕ ਸਾਬਤ ਹੁੰਦੀ ਸੀ।
ਡਾ. ਛਮਿੰਦਰਜੀਤ ਸਿੰਘ ਨੇ ਦੱਸਿਆ ਕਿ ਕਿਸ ਤਰਾਂ ਲੰਬਾ ਸਮਾਂ ਗੁਰਦਿਆਂ ਦੀ ਸਮੱਸਿਆ ਰਹਿਣ ਕਾਰਨ ਗੁਰਦੇ ਬਿਲਕੁਲ ਖਤਮ ਹੋ ਜਾਂਦੇ ਹਨ। ਉਨਾਂ ਦੱਸਿਆ ਕਿ ਉਹ ਰਕਤਚਾਪ (ਬਲੱਡ ਪਰੈਸ਼ਰ), ਸ਼ੁਗਰ, ਸੰਕਰਮਣ, ਪਿਸ਼ਾਬ ਵਿਚ ਰੁਕਾਵਟ ਅਤੇ ਪੱਖਰੀ ਵਗੈਰਾ ਗੁਦਿਆਂ ਦੀ ਬੀਮਾਰੀ ਦਾ ਕਾਰਨ ਬਣਦੇ ਹਨ। ਉਨਾਂ ਦੱਸਿਆ ਕਿ ਬੇਸ਼ਕ ਡਾਇਲਸਿਸ ਰਾਹੀਂ ਮਰੀਜ਼ ਦੀ ਸਿਹਤ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਸ ਦਾ ਸਹੀ ਇਲਾਜ ਕਿਡਨੀ ਟਰਾਂਸਪਲਾਂਟ ਹੀ ਹੈ। ਉਨਾਂ ਦੱਸਿਆ ਕਿ ਕਿਡਨੀ ਟਰਾਂਸਪਲਾਂਟ ਤੋਂ ਬਾਅਦ ਮਰੀਜ਼ ਤੰਦਰੂਸਤ ਹੋ ਕੇ ਲੰਬੀ ਉਮਰ ਭੋਗਦੇ ਹਨ।
ਡਾ. ਛਮਿੰਦਰਜੀਤ ਸਿੰਘ ਨੇ ਦੱਸਿਆ ਕਿ ਭਾਰਤ ਵਿਚ ਹਰ ਸਾਲ ਢਾਈ ਲੱਖ ਕਿਡਨੀ ਟਰਾਂਸਪਲਾਂਟ ਦੀ ਜਰੂਰਤ ਹੈ, ਪਰ ਜਾਗਰੂਕਤਾ ਦੀ ਘਾਟ ਅਤੇ ਗੁਰਦਾ ਦਾਨੀਆਂ ਦੀ ਕਮੀ ਕਾਰਨ 6000 ਕੇਸ ਹੀ ਹੁੰਦੇ ਹਨ। ਉਨਾਂ ਦੱਸਿਆ ਕਿ ਗੁਰਦਿਆਂ ਤੋਂ ਇਲਾਵਾ ਹੋਰ ਮਨੁੱਖੀ ਅੰਗ ਦਿਲ, ਫੇਫੜੇ, ਜਿਗਰ, ਅੰਤੜੀਆਂ, ਅੱਖਾਂ ਦਾ ਕੋਰਨੀਆ ਅਤੇ ਚਮੜੀ ਵੀ ਟਰਾਂਸਪਲਾਂਟ ਕੀਤੇ ਜਾ ਸਕਦੇ ਹਨ।
ਡਾ. ਸੁਮਿਤ ਦੇਵਗਨ ਨੇ ਦੱਸਿਆ ਕਿ ਮਨੁੱਖ ਦੇ ਦੋਵਾਂ ਗੁਦਿਆਂ ਵਿੱਚੋਂ ਇਕ ਗੁਰਦਾ ਦਾਨ ਕਰਨ ਨਾਲ ਉਸਦੀ ਸ਼ਰੀਰਕ ਤੰਦਰੂਸਤੀ ਜਾਂ ਤਾਕਤ ਉਪਰ ਕੋਈ ਉਲਟਾ ਅਸਰ ਨਹੀਂ ਹੁੰਦਾ। ਉਨਾਂ ਇਹ ਵੀ ਦੱਸਿਆ ਕਿ ਹੁਣ ਲੈਪਰੋਸਕੋਪੀ (ਦੂਰਬੀਨ ਵਿਧੀ) ਰਾਹੀਂ ਗੁਰਦਿਆਂ ਦਾ ਅਪਰੇਸ਼ਨ ਸੰਭਵ ਹੈ।