20 ਜੁਲਾਈ ਤੱਕ ਮਨਾਇਆ ਜਾਵੇਗਾ ਬਾਲ ਅਤੇ ਕਿਸ਼ੋਰ ਮਜਦੂਰੀ ਖਾਤਮਾ ਸਪਤਾਹ: ਡਿਪਟੀ ਕਮਿਸ਼ਨਰ

ਬਾਲ ਮਜਦੂਰਾਂ ਦੇ ਪੁਨਰਵਾਸ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਟੀਮਾਂ ਗਠਿਤ
ਫਾਜ਼ਿਲਕਾ 9 ਜੁਲਾਈ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਸਿਆ ਕਿ ਜ਼ਿਲ੍ਹੇ ’ਚ 12 ਜੁਲਾਈ ਤੋਂ 20 ਜੁਲਾਈ 2021 ਤੱਕ ਬਾਲ ਅਤੇ ਕਿਸ਼ੋਰ (ਅਡੋਲਸੈਂਟ) ਮਜਦੂਰੀ ਖਾਤਮਾ ਸਪਤਾਹ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਐਕਸ਼ਨ ਪਲਾਨ ਫਾਰ ਟੋਟਲ ਐਬੋਲਿਸ਼ਨ ਆਫ ਚਾਈਲਡ ਲੇਬਰ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਸ਼ਲ ਐਂਡ ਰੈਗੂਲੇਸ਼ਨ) ਐਕਟ 1986 ਤਹਿਤ ਬਾਲ ਮਜਦੂਰੀ ਖਾਤਮੇ ਸਬੰਧੀ ਜਿਲ੍ਹੇ ਦੀਆਂ ਸਮੂਹ ਸਬ-ਡਵੀਜਨਾਂ ਦੇ ਉਪ ਮੰਡਲ ਮੈਜਿਸਟ੍ਰੇਟਾਂ ਦੀ ਅਗਵਾਈ ਵਿੱਚ ਅਚਨਚੇਤ ਛਾਪੇ ਮਾਰਨ, ਲੱਭੇ ਗਏ ਬਾਲ ਮਜਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੈਕਿੰਗ ਟੀਮਾਂ ਨਾਲ ਪੁਲਿਸ ਵਿਭਾਗ ਦੇ ਕਰਮਚਾਰੀ ਲਗਾਏ ਜਾਣਗੇ ਅਤੇ ਦੋਸ਼ੀ ਖਿਲਾਫ ਐਫ.ਆਈ. ਆਰ. ਦਰਜ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਆਇਨਾ ਕਰਨ ਲਈ ਮੈਡੀਕਲ ਅਫ਼ਸਰ ਚੈਕਿੰਗ ਟੀਮਾਂ ਨਾਲ ਮੌਜੂਦ ਰਹਿਣਗੇ, ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ ਵੀ ਭੱਠਿਆਂ/ਫੈਕਟਰੀਆਂ ਵਿੱਚ ਚੈਕਿੰਗ ਕਰਨ ਲਈ ਟੀਮ ਦੇ ਨਾਲ ਹੋਣਗੇ। ਉਨ੍ਹਾਂ ਕਿਹਾ ਕਿ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦਾ ਨੁਮਾਇੰਦਾ ਚੈਕਿੰਗ ਟੀਮਾਂ ਨਾਲ ਰਹੇਗਾ ਅਤੇ ਲੋੜ ਪੈਣ ’ਤੇ ਬਾਲ ਮਜ਼ਦੂਰਾਂ ਨੂੰ ਸ਼ੈਲਟਰ ਹੋਮ ਵਿੱਚ ਭੇਜਣ ਲਈ ਪਾਬੰਦ ਹੋਵੇਗਾ। ਚੈਕਿੰਗ ਦੌਰਾਨ ਨਗਰ ਕੌਂਸਲਾਂ ਦੇ ਅਧਿਕਾਰੀ ਵੀ ਟੀਮਾਂ ਨਾਲ ਰਹਿਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਖਿਆ ਅਫਸਰ ਬਾਲ ਮਜ਼ਦੂਰਾਂ ਦੀ ਸਰਵ ਸਿਖਿਆ ਅਭਿਆਨ ਤਹਿਤ ਪੜ੍ਹਾਈ ਸਬੰਧੀ ਪੁਖਤਾ ਇੰਤਜਾਮ ਕਰਵਾਉਣੇ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਟੀਮਾਂ ਸਬੰਧਤ ਉਪ ਮੰਡਲ ਮੈਜਿਸਟੇ੍ਰਟ ਦੀ ਅਗਵਾਈ ਵਿੱਚ ਹਫ਼ਤੇ ਦੌਰਾਨ ਚੈਕਿੰਗ ਕਰਕੇ ਆਪਣੀ ਰਿਪੋਰਟ ਕਿਰਤ ਤੇ ਸੁਲਾਹ ਅਫ਼ਸਰ ਫਾਜ਼ਿਲਕਾ ਨੂੰ ਭੇਜਣਗੀਆਂ ਜੋ ਕਿ ਅਗਲੇਰੀ ਕਾਰਵਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜਣਗੇ।
ਉਨ੍ਹਾਂ ਕਿਹਾ ਕਿ ਇੰਨ੍ਹਾਂ ਟੀਮਾਂ ਵੱਲੋਂ ਸਾਂਝੇ ਤੌਰ ’ਤੇ 20 ਜੁਲਾਈ ਤੱਕ (ਸਿਵਾਏ 17 ਤੇ 18 ਜੁਲਾਈ ਨੂੰ ਛੁੱਟੀ ਹੋਣ ਕਰਕੇ) ਦੁਕਾਨਾਂ, ਭੱਠਿਆਂ, ਫੈਕਟਰੀਆਂ, ਮਨ-ਪ੍ਰਚਾਵੇ ਨਾਲ ਸਬੰਧਤ ਅਦਾਰਿਆਂ ਆਦਿ ਵਿੱਚ ਚੈਕਿੰਗ ਕੀਤੀ ਜਾਵੇਗੀ। ਸਪਤਾਹ ਦੌਰਾਨ ਘਰੇਲੂ ਕੰਮਾਂ ’ਚ ਲੱਗੇ ਬਾਲ ਕਿਰਤੀਆਂ ਦੀ ਵੀ ਵਿਸ਼ੇਸ਼ ਤੌਰ ’ਤੇ ਚੈਕਿੰਗ ਕੀਤੀ ਜਾਵੇਗੀ ਅਤੇ ਨਿਰੀਖਣ ਸਬੰਧੀ ਕਿਰਤ ਵਿਭਾਗ ਦੇ ਅਧਿਕਾਰੀਆਂ ਦੇ ਮੋਬਾਈ ਨੰਬਰ 94645-06846 ਅਤੇ 98782-96565 ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਦੇ ਸਮੂਹ ਉਪ ਮੰਡਲ ਮੈਜਿਸਟਰੇਟ ਚੈਕਿੰਗ ਟੀਮਾਂ ਦੀ ਸੁਪਰਵੀਜ਼ਨ ਅਤੇ ਅਗਵਾਈ ਕਰਨਗੇ।

Spread the love