ਅਗਲੇ 48 ਘੰਟਿਆਂ ‘ਚ ਦਿੱਤੀਆਂ ਜਾਣਗੀਆਂ ਸਾਰੀਆਂ ਖੁਰਾਕਾਂ, ਤੀਜ਼ੀ ਲਹਿਰ ਤੋ ਕਰਨਗੀਆਂ ਬਚਾਅ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ
ਕੋਵਿਡ-19 ਮਹਾਂਮਾਰੀ ਦੀ ਇਕ ਹੋਰ ਲਹਿਰ ਨੂੰ ਰੋਕਣ ਲਈ ਟੀਕਾਕਰਨ ਹੀ ਇਕੋ ਇਕ ਰਸਤਾ ਹੈ
ਰਾਕੇਸ਼ ਅਗਰਵਾਲ
ਡੀ.ਸੀ. ਤੇ ਸੀ.ਪੀ. ਵੱਲੋਂ ਗੰਗਾ ਐਕਰੋਵੂਲਜ਼ ਲਿਮਟਿਡ ਦੋਰਾਹਾ ਵਿਖੇ ਮੁਹਿੰਮ ਦੀ ਕੀਤੀ ਸੁਰੂਆਤ
ਲੁਧਿਆਣਾ, 29 ਮਈ 2021 ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੁਧਿਆਣਾ ਵਿੱਚ ਜੀਵਨ ਦਾਨ ਦੇਣ ਵਾਲੀ ਟੀਕਾਕਰਨ ਮੁਹਿੰਮ ਦੀ ਗਤੀ ਵਿੱਚ ਤੇਜ਼ੀ ਲਿਆਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਜਿਸਦੇ ਤਹਿਤ ਅੱਜ ਕੋਵੈਕਸਿਨ ਦੀਆਂ 15140 ਖੁਰਾਕਾਂ ਪ੍ਰਾਪਤ ਹੋਈਆਂ ਹਨ। ਇਸ ਵੈਕਸੀਨ ਦਾ 20 ਉਦਯੋਗਿਕ ਇਕਾਈਆਂ ਵੱਲੋਂ ਆਪਣੇ ਕਾਮਿਆਂ ਦੇ ਟੀਕਾਕਰਨ ਲਈ ਪਹਿਲਾਂ ਤੋਂ ਆਰਡਰ ਦਿੱਤਾ ਹੋਇਆ ਸੀ।
ਅੱਜ ਦੋਰਾਹਾ ਨੇੜੇ ਗੰਗਾ ਐਕਰੋਵੂਲਜ਼ ਲਿਮਟਿਡ ਵਿਖੇ ਟੀਕਾਕਰਨ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੀ ਇਕ ਹੋਰ ਲਹਿਰ ਨੂੰ ਰੋਕਣ ਲਈ ਟੀਕਾਕਰਨ ਹੀ ਇਕੋ ਇਕ ਰਸਤਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਲੁਧਿਆਣਾ ਦੀਆਂ 20 ਉਦਯੋਗਿਕ ਇਕਾਈਆਂ ਦੁਆਰਾ ਬੁੱਕ ਕਰਵਾਈ ਗਈ ਵੈਕਸੀਨ ਦੀਆਂ 15140 ਖੁਰਾਕਾਂ ਦਾ ਸਟਾਕ ਪਹੁੰਚ ਗਿਆ ਹੈ ਅਤੇ ਅਗਲੇ 48 ਘੰਟਿਆਂ ਵਿੱਚ ਇਨ੍ਹਾਂ ਫੈਕਟਰੀਆਂ ਦੇ ਕਰਮਚਾਰੀਆਂ ਦਾ ਟੀਕਾਕਰਨ ਕਰ ਦਿੱਤਾ ਜਾਵੇਗਾ। ਦੂਸਰੇ ਉਦਯੋਗ ਜਿੱਥੇ ਅੱਜ ਟੀਕਾਕਰਨ ਸ਼ੁਰੂ ਹੋਏ ਹਨ ਉਨ੍ਹਾਂ ਵਿੱਚ ਹੀਰੋ ਸਾਈਕਲ, ਏਵਨ ਇੰਡਸਟਰੀਜ਼, ਰਾਲਸਨ ਸਾਈਕਲ ਅਤੇ ਸਪੋਰਟਕਿੰਗ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਫੈਕਟਰੀਆਂ ਵਿੱਚ ਵੱਧ ਤੋਂ ਵੱਧ ਕੈਂਪ ਲਗਾਏ ਜਾਣ ਤਾਂ ਜੋ ਸਾਰੇ ਕਾਮਿਆਂ ਨੂੰ ਜਲਦ ਕੋਵਿਡ ਦੇ ਟੀਕੇ ਲਗਾਏ ਜਾ ਸਕਣ।
ਉਨ੍ਹਾਂ ਕਿਹਾ ਕਿ ਤਾਜ਼ਾ ਖੁਰਾਕਾਂ ਟੀਕਾਰਕਰਨ ਦੀ ਰਫਤਾਰ ਵਿੱਚ ਹੋਰ ਤੇਜ਼ੀ ਲਿਆਉਣਗੀਆਂ ਅਤੇ ਬਹੁਗਿਣਤੀ ਫੈਕਟਰੀਆਂ ਕਰਮਚਾਰੀਆਂ ਨੂੰ ਜਲਦ ਤੋਂ ਜਲਦ ਕਵਚ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਮੁਲਕਾਂ ਵਿੱਚ ਟੀਕਾਕਰਨ ਮੁਹਿੰਮ ਨੂੰ ਜੰਗੀ ਪੱਧਰ ‘ਤੇ ਚਲਾਇਆ ਗਿਆ ਹੈ, ਉਹ ਦੇਸ਼ ਆਪਣੇ ਲੋਕਾਂ ਨੂੰ ਕੋਵਿਡ-19 ਦੀ ਵਿਨਾਸ਼ਕਾਰੀ ਲਹਿਰ ਤੋਂ ਬਚਾਉਣ ਵਿੱਚ ਕਾਮਯਾਬ ਹੋਏ ਹਨ ਜਿਸਦਾ ਸਾਹਮਣਾ ਭਾਰਤ ਨੇ ਵੀ ਕੀਤਾ ਸੀ.
ਉਨ੍ਹਾਂ ਖੁਲਾਸਾ ਕੀਤਾ ਕਿ ਪ੍ਰਸ਼ਾਸਨ ਵੱਲੋਂ ਮਾਰਚ, 2021 ਵਿਚ ਘਰ-ਘਰ ਜਾ ਕੇ ਕੀਤੇ ਟੀਕਾਕਰਨ ਨੂੰ ਲੁਧਿਆਣਾ ਦੇ ਉਦਯੋਗ ਨੇ ਭਰਵਾਂ ਹੁੰਗਾਰਾ ਦਿੱਤਾ ਸੀ, ਸਿੱਟੇ ਵਜੋਂ ਉਨ੍ਹਾਂ ਦੀਆਂ ਇਕਾਈਆਂ ਵਿਚ ਅੱਜ ਵੀ ਇਸ ਮਹਾਂਮਾਰੀ ਦੀ ਮਾਰੂ ਲਹਿਰ ਦੌਰਾਨ 24 ਘੰਟੇ ਕੰਮ ਚੱਲ ਰਿਹਾ ਹੈ।
ਉਨ੍ਹਾਂ ਉਦਯੋਗਾਂ ਦੁਆਰਾ ਆਪਣੇ ਕਾਮਿਆਂ ਨੂੰ ਜਲਦ ਤੋਂ ਜਲਦ ਟੀਕਾ ਲਗਵਾਉਣ ਵਿਚ ਵਿਖਾਈ ਜਾ ਰਹੀ ਦਿਲਚਸਪੀ ਦਾ ਸਵਾਗਤ ਕੀਤਾ ਅਤੇ ਹਮਲਾਵਰ ਟੀਕਾਕਰਨ ਮੁਹਿੰਮ ਇਸ ਮਹਾਂਮਾਰੀ ਤੋਂ ਕੀਮਤੀ ਜਾਨਾਂ ਬਚਾਉਣ ਵਿਚ ਸਹਾਈ ਸਿੱਧ ਹੋਵੇਗੀ।
ਉਨ੍ਹਾਂ ਕਿਹਾ ਕਿ ਉਦਯੋਗਾਂ ਨੇ ਆਪਣੇ ਵਰਕਰਾਂ ਨੂੰ ਟੀਕਾ ਲਗਵਾਉਣ ਵਿਚ ਸਹਾਇਤਾ ਕਰਕੇ ਪੰਜਾਬੀਆਂ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ।
ਸੀ.ਆਈ.ਆਈ. ਦੇ ਉਪ-ਚੇਅਰਮੈਨ ਅਤੇ ਗੰਗਾ ਐਕਰੋਵੂਲਜ਼ ਲਿਮਟਿਡ ਦੇ ਪ੍ਰਧਾਨ ਸ੍ਰੀ ਅਮਿਤ ਥਾਪਰ ਨੇ ਪਹਿਲ ਦੇ ਅਧਾਰ ‘ਤੇ ਸਿਰਫ 460 ਰੁਪਏ ਵਿੱਚ ਟੀਕਾ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਹੋਰ ਉਦਯੋਗਪਤੀਆਂ ਨੂੰ ਵੀ ਸਰਕਾਰ ਦੀ ਪੇਸ਼ਕਸ਼ ਦਾ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੂਸਰੇ ਸੂਬਿਆਂ ਵਿੱਚ ਉਨ੍ਹਾਂ ਦੇ ਕੁਝ ਉਦਯੋਗਪਤੀ ਦੋਸਤ ਟੀਕਾਕਰਨ ਕਰਵਾਉਣ ਵਿੱਚ ਅਸਮਰੱਥ ਹਨ।