ਬਰਨਾਲਾ ਵਿਚ ਗਰੈਫਿਟੀ ਕਲਾ ਰਾਹੀਂ ਬੇਟੀ ਬਚਾਓ, ਬੇਟੀ ਪੜਾਓ ਦਾ ਹੋਕਾ
ਜਾਗਰੂਕਤਾ ਗਤੀਵਿਧੀਆਂ ਸਦਕਾ ਜ਼ਿਲੇ ’ਚ ਲਿੰਗ ਅਨੁਪਾਤ ਵਿਚ ਵਾਧਾ: ਤੇਜ ਪ੍ਰਤਾਪ ਸਿੰਘ ਫੂਲਕਾ
ਬਰਨਾਲਾ, 22 ਜੂਨ 2021
ਜ਼ਿਲਾ ਬਰਨਾਲਾ ਵਿੱਚ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਭਖਾਈਆਂ ਜਾ ਰਹੀਆਂ ਹਨ, ਜਿਸ ਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਧੀਆਂ ਨੂੰ ਬਚਾਉਣ ਅਤੇ ਪੜਾਉਣ ਦਾ ਹੋਕਾ ਦਿੰਦੀ ਇਸ ਮੁਹਿੰਮ ਸਦਕਾ ਜ਼ਿਲਾ ਬਰਨਾਲਾ ਵਿੱਚ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ ਹੋਇਆ ਹੈ। ਇਸ ਸ਼ੁੱਭ ਸੰਕੇਤ ਨੂੰ ਸਦੀਵੀਂ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਗਰੈਫਿਟੀ ਕਲਾ ਰਾਹੀਂ ਬਰਨਾਲਾ ਸ਼ਹਿਰ ਦੀਆਂ ਕੰਧਾਂ ਨੂੰ ਸ਼ਿੰਗਾਰਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿੱਚ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਨੂੰ ਲਗਾਤਾਰ ਬੂਰ ਪੈ ਰਿਹਾ ਹੈ। ਹੈਲਥ ਮੈਨੇਜਮੈਂਟ ਇੰਨਫਰਮੇਸ਼ਨ ਸਿਸਟਮ (ਐਚਐਮਆਈਐਸ) ਪੋਰਟਲ ਦੇ ਅੰਕੜਿਆਂ ਅਨੁਸਾਰ ਸਾਲ 2019-20 ਵਿੱਚ ਜ਼ਿਲਾ ਬਰਨਾਲਾ ਵਿੱਚ ਲਿੰਗ ਅਨੁਪਾਤ 895 ਸੀ, ਜਦੋਂਕਿ 2020-21 ਵਿਚ ਵਧ ਕੇ 964 ਹੋ ਗਿਆ।
ਹੁਣ ਇਸ ਮੁਹਿੰਮ ਨੂੰ ਹੋਰ ਹੁਲਾਰਾ ਦਿੰਦੇ ਹੋਏ ਨਵੇਂ ਸਿਰਿਓਂ ਗਰੈਫਿਟੀਆਂ ਨਾਲ ਜਨਤਕ ਥਾਵਾਂ ਨੂੰ ਸ਼ਿੰਗਾਰਿਆ ਜਾ ਰਿਹਾ ਹੈ ਤਾਂ ਜੋ ‘ਬੇਟੀ ਬਚਾਓ, ਬੇਟੀ ਪੜਾਓ’ ਦਾ ਸੁਨੇਹਾ ਘਰ ਘਰ ਤੱਕ ਪੁੱੱਜ ਸਕੇ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਬਾਬਾ ਕਾਲਾ ਮਹਿਰ ਸਟੇਡੀਅਮ, ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀਆਂ ਕੰਧਾਂ ਤੇ ਮੋਗਾ ਬਾਈਪਾਸ ਫਲਾਈਓਵਰ (ਨੇੇੜੇ ਜ਼ਿਲਾ ਜੇਲ) ’ਤੇ ਪੇਂਟਿੰਗ ਕਰਵਾਈ ਗਈ ਹੈ।
ਜ਼ਿਲਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਕਾਲਾ ਮਹਿਰ ਸਪੋਰਟਸ ਸਟੇਡੀਅਮ ਵਿਖੇ ਖੇਡਾਂ ਵਿਚ ਕੌਮੀ ਪੱਧਰ ’ਤੇ ਮੱਲਾਂ ਮਾਰਨ ਵਾਲੀਆਂ ਖਿਡਾਰਨਾਂ ਦੀਆਂ ਗਰੈਫਿਟੀਆਂ ਬਣਾਈਆਂ ਗਈਆਂ ਹਨ। ਇਨਾਂ ਵਿੱਚ ਮਨਜੀਤ ਕੌਰ (ਵੇਟ ਲਿਫਟਿੰਗ), ਸੁਖਜੀਤ ਕੌਰ ਦੀਵਾਨਾ (ਐਥਲੈਟਿਕਸ), ਹਰਮਨਦੀਪ ਕੌਰ (ਡਿਸਕਸ ਥਰੋਅ) ਤੇ ਪ੍ਰਭਲੀਨ ਕੌਰ (ਟੇਬਲ ਟੈਨਿਸ) ਦੇ ਨਾਮ ਸ਼ਾਮਲ ਹਨ, ਜਿਨਾਂ ਨੇ ਨੈਸ਼ਨਲ ਵਿਚ ਪੰਜਾਬ ਸੂਬੇ ਅਤੇ ਜ਼ਿਲਾ ਬਰਨਾਲਾ ਦਾ ਮਾਣ ਵਧਾਇਆ।
ਉਨਾਂ ਦੱਸਿਆ ਕਿ ਮੋਗਾ ਫਲਾਈਓਵਰ ’ਤੇ ‘21ਵੀਂ ਸਦੀ ਹੈ ਆਈ, ਧੀਆਂ ਦਾ ਦੌਰ ਲਿਆਈ’ ਜਿਹੇ ਸੁਨੇਹੇ ਤੋਂ ਇਲਾਵਾ ਕੰਨਿਆ ਭਰੂਣ ਹੱਤਿਆ ਵਿਰੁੱਧ ਹੋਕਾ ਦਿੰਦੇ ਸਲੋਗਨ ਉਲੀਕੇ ਗਏ ਹਨ। ਇਸ ਤੋਂ ਇਲਾਵਾ ਿਕਟਰ ਹਰਮਨਪ੍ਰੀਤ ਕੌਰ ਸਮੇਤ ਹੋਰ ਉਘੀਆਂ ਖਿਡਾਰਨਾਂ ਦੀਆਂ ਗਰੈਫਿਟੀਆਂ ਧੀਆਂ ਨੂੰ ਅੱਗੇ ਵਧਣ ਤੇ ਸਫਲ ਹੋਣ ਦੀ ਪ੍ਰੇਰਨਾ ਦਿੰਦੀਆਂ ਹਨ।
ਇਸ ਤਰਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਬਾਹਰਲੀਆਂ ਕੰਧਾਂ ’ਤੇ ‘ਧੀ ਬਚਾਓ, ਧੀ ਪੜਾਓ, ਇਕ ਆਦਰਸ਼ ਮਾਂ-ਪਿਓ ਕਹਿਲਾਓ’ ਜਿਹੇ ਸੁਨੇਹੇ ਤੋਂ ਇਲਾਵਾ ਪਾਣੀ ਅਤੇ ਰੁੱਖ ਬਚਾਉਣ ਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਹੋਕਾ ਵੀ ਦਿੱਤਾ ਗਿਆ ਹੈ।
ਜ਼ਿਲਾ ਪ੍ਰਸ਼ਾਸਨ ਦੇ ਉਪਰਾਲੇ ਨਾਲ ਹੋਰ ਪ੍ਰੇਰਨਾ ਮਿਲੀ: ਪ੍ਰਭਲੀਨ
ਟੇਬਲ ਟੈਨਿਸ ਖਿਡਾਰਨ ਪ੍ਰਭਲੀਨ ਕੌਰ (13) ਪੁੱਤਰੀ ਕਮਲਦੀਪ ਕੌਰ ਵਾਸੀ ਬਰਨਾਲਾ ਨੇ ਦੱਸਿਆ ਕਿ ਉਸ ਨੇ ਅੰਡਰ 18 ਲੜਕੀਆਂ ਤੰਦਰੁਸਤ ਪੰਜਾਬ ਸਟੇਟ ਖੇਡਾਂ 2019-20 ਵਿਚ ਹਿੱਸਾ ਲਿਆ ਅਤੇ ਉਸ ਤੋਂ ਬਾਅਦ ਨੈਸ਼ਨਲ ਤੱਕ ਪੁੱਜੀ। ਪ੍ਰਭਲੀਨ ਨੇ ਆਖਿਆ ਕਿ ਸਟੇਡੀਅਮ ਵਿਖੇ ਉਸ ਦੀ ਗਰੈਫਿਟੀ ਬਣਨ ਨਾਲ ਜਿੱਥੇ ਉਸ ਨੂੰ ਬੇਹੱਦ ਖੁਸ਼ੀ ਹੋਈ ਹੈ, ਉਥੇ ਮਾਪਿਆਂ ਦਾ ਮਾਣ ਵਧਿਆ ਹੈ, ਜਿਨਾਂ ਨੇ ਉਨਾਂ ਦੋਹਾਂ ਭੈਣਾਂ ਨੂੰ ਅੱਗੇ ਵਧਣ ਦਾ ਹਰ ਮੌਕਾ ਦਿੱੱਤਾ ਹੈ। ਉਨਾਂ ਆਖਿਆ ਕਿ ਇਹ ਸਨਮਾਨ ਮਿਲਣ ਨਾਲ ਉਸ ਨੂੰ ਅੱਗੇ ਵਧਣ ਦੀ ਹੋਰ ਪ੍ਰੇਰਨਾ ਮਿਲੀ ਹੈ।