ਉਮੀਦਵਾਰਾਂ ਨੂੰ ਆਰਮੀ ਭਰਤੀ ਦਫ਼ਤਰ ਵੱਲੋਂ ਰੋਲ ਨੰਬਰ ਜਾਰੀ : ਕਰਨਲ ਚੰਦੇਲ
ਉਮੀਦਵਾਰਾਂ ਨੂੰ ਰਿਸ਼ਵਤ ਮੰਗਣ ਵਾਲੇ ਟਾਊਟਾਂ ਤੋਂ ਸਾਵਧਾਨ ਰਹਿਣ ਦਾ ਸੱਦਾ
ਪਟਿਆਲਾ, 13 ਜੁਲਾਈ 2021
ਭਾਰਤੀ ਫ਼ੌਜ ‘ਚ ਵੱਖ-ਵੱਖ ਵਰਗਾਂ ਵਿਚ ਭਰਤੀ ਲਈ ਲਿਖਤ ਪ੍ਰੀਖਿਆ 25 ਜੁਲਾਈ 2021 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਈ ਜਾਵੇਗੀ। ਪ੍ਰੀਖਿਆ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ 7 ਤੋਂ 26 ਫਰਵਰੀ ਤੱਕ ਹੋਏ ਸਰੀਰਕ ਟੈਸਟਾਂ ‘ਚ ਪਾਸ ਉਮੀਦਵਾਰਾਂ ਦੀ ਇਹ ਲਿਖਤੀ ਪ੍ਰੀਖਿਆ ਲਈ ਜਾਵੇਗੀ।
ਭਰਤੀ ਡਾਇਰੈਕਟਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲਈ ਜਾਣ ਵਾਲੀ ਇਸ ਲਿਖਤੀ ਪ੍ਰੀਖਿਆ ‘ਚ ਪੰਜ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਚਾਰ ਹਜ਼ਾਰ ਦੇ ਕਰੀਬ ਉਮੀਦਵਾਰ ਪ੍ਰੀਖਿਆ ਦੇਣਗੇ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਆਰਮੀ ਭਰਤੀ ਦਫ਼ਤਰ ਵੱਲੋਂ ਰੋਲ ਨੰਬਰ ਜਾਰੀ ਕੀਤੇ ਜਾ ਚੁੱਕੇ ਹਨ ਤੇ ਉਮੀਦਵਾਰ ਪ੍ਰੀਖਿਆ ਵਾਲੇ ਦਿਨ ਸਵੇਰੇ 2 ਵਜੇ ਪ੍ਰੀਖਿਆ ਕੇਂਦਰ ਵਿਖੇ ਰਿਪੋਰਟ ਕਰਨਗੇ।
ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਆਰਮੀ ‘ਚ ਭਰਤੀ ਬਿਲਕੁਲ ਮੁਫ਼ਤ ਅਤੇ ਕੇਵਲ ਮੈਰਿਟ ‘ਤੇ ਪਾਰਦਰਸ਼ੀ ਢੰਗ ਨਾਲ ਕੀਤੀ ਹੀ ਜਾਂਦੀ ਹੈ, ਇਸ ਲਈ ਉਮੀਦਵਾਰ ਫ਼ੌਜ ‘ਚ ਕਿਸੇ ਵੀ ਥਾਂ ‘ਤੇ ਜਾ ਕੇ ਭਰਤੀ ਹੋਣ ਲਈ ਕਿਸੇ ਨੂੰ ਵੀ ਕਿਸੇ ਕਿਸਮ ਦੀ ਰਿਸ਼ਵਤ ਆਦਿ ਨਾ ਦੇਣ ਅਤੇ ਕਿਸੇ ਤਰ੍ਹਾਂ ਦੇ ਟਾਊਟਾਂ ਤੋਂ ਸਾਵਧਾਨ ਰਹਿਣ।