25 ਜੁਲਾਈ ਨੂੰ ਹੋਵੇਗੀ ਫ਼ੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ

7 ਤੋਂ 26 ਫਰਵਰੀ ਦੌਰਾਨ ਫਿਜ਼ੀਕਲ ਟੈਸਟ ਪਾਸ ਉਮੀਦਵਾਰਾਂ ਦੀ ਹੋਵੇਗੀ ਲਿਖਤੀ ਪ੍ਰੀਖਿਆ
ਰੋਲ ਨੰਬਰ ਪ੍ਰਾਪਤ ਕਰਨ ਲਈ ਸਮਾਂ ਸਾਰਣੀ ਜਾਰੀ
ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਉਮੀਦਵਾਰਾਂ ਦੀ ਹੋਵੇਗੀ ਲਿਖਤ ਪ੍ਰੀਖਿਆ
ਪਟਿਆਲਾ, 26 ਜੂਨ 2021
ਭਾਰਤੀ ਫ਼ੌਜ ‘ਚ ਵੱਖ-ਵੱਖ ਵਰਗਾਂ ਵਿਚ ਭਰਤੀ ਲਈ 7 ਤੋਂ 26 ਫਰਵਰੀ ਤੱਕ ਹੋਏ ਸਰੀਰਕ ਟੈਸਟਾਂ ‘ਚ ਪਾਸ ਉਮੀਦਵਾਰਾਂ ਦੀ 25 ਜੁਲਾਈ 2021 ਨੂੰ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਸ ਸਬੰਧੀ ਆਰਮੀ ਭਰਤੀ ਦਫ਼ਤਰ ਵੱਲੋਂ ਰੋਲ ਨੰਬਰ ਪ੍ਰਾਪਤ ਕਰਨ ਲਈ ਸਮਾਂ ਸਾਰਣੀ ਵੀ ਜਾਰੀ ਕਰ ਦਿੱਤੀ ਗਈ ਹੈ। ਲਿਖਤੀ ਪ੍ਰੀਖਿਆ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਹਾਇਕ ਕਮਿਸ਼ਨਰ (ਜ) ਡਾ. ਇਸਮਿਤ ਵਿਜੈ ਸਿੰਘ ਦੀ ਅਗਵਾਈ ‘ਚ ਹੋਈ ਮੀਟਿੰਗ ਦੌਰਾਨ ਆਰਮੀ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ 25 ਜੁਲਾਈ ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ‘ਚ 3900 ਦੇ ਕਰੀਬ ਉਮੀਦਵਾਰ ਪ੍ਰੀਖਿਆ ਦੇਣਗੇ।
ਪੰਜ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਉਮੀਦਵਾਰਾਂ ਦੀ ਹੋਣ ਵਾਲੀ ਇਸ ਲਿਖਤੀ ਇਮਤਿਹਾਨ ਸਬੰਧੀ ਜਾਣਕਾਰੀ ਦਿੰਦਿਆ ਆਰਮੀ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ ਇਹ ਪ੍ਰੀਖਿਆ 25 ਜੁਲਾਈ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਈ ਜਾਵੇਗੀ।
ਆਰਮੀ ਭਰਤੀ ਡਾਇਰੈਕਟਰ ਨੇ ਦੱਸਿਆ ਕਿ ਪਹਿਲਾਂ ਇਹ ਪ੍ਰੀਖਿਆ ਅਪ੍ਰੈਲ ਮਹੀਨੇ ਕਰਵਾਈ ਜਾਣੀ ਸੀ, ਪ੍ਰੰਤੂ ਕੋਵਿਡ ਕਾਰਨ ਪ੍ਰੀਖਿਆ ਮੁਲਤਵੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ 6 ਜੁਲਾਈ ਤੋਂ ਰੋਲ ਨੰਬਰ ਜਾਰੀ ਕੀਤੇ ਜਾਣਗੇ, ਜਿਸ ‘ਚ ਪਹਿਲੇ ਦਿਨ ਫ਼ਤਿਹਗੜ੍ਹ ਸਾਹਿਬ ਅਤੇ ਬਰਨਾਲਾ ਦੀਆਂ ਸਾਰੀਆਂ ਤਹਿਸੀਲਾਂ ਦੇ ਉਮੀਦਵਾਰਾਂ ਨੂੰ ਰੋਲ ਨੰਬਰ ਆਰਮੀ ਦਫ਼ਤਰੀ ਵਿਖੇ ਦਿੱਤੇ ਜਾਣਗੇ ਅਤੇ 7 ਜੁਲਾਈ ਨੂੰ ਪਟਿਆਲਾ ਜ਼ਿਲ੍ਹੇ ਦੇ ਉਮੀਦਵਾਰਾਂ ਨੂੰ, 8 ਜੁਲਾਈ ਨੂੰ ਸਰਦੂਲਗੜ੍ਹ ਅਤੇ ਮਾਨਸਾ ਤਹਿਸੀਲ, 9 ਜੁਲਾਈ ਨੂੰ ਬੁਢਲਾਡਾ, ਮਲੇਰਕੋਟਲਾ ਤੇ ਧੂਰੀ ਦੇ ਉਮੀਦਵਾਰਾਂ ਨੂੰ ਰੋਲ ਨੰਬਰ ਦਿੱਤੇ ਜਾਣਗੇ। ਇਸੇ ਤਰ੍ਹਾਂ 10 ਜੁਲਾਈ ਨੂੰ ਸੰਗਰੂਰ ਅਤੇ ਸੁਨਾਮ ਤਹਿਸੀਲ ਤੇ 12 ਜੁਲਾਈ ਨੂੰ ਲਹਿਰਾ ਅਤੇ ਮੂਨਕ ਦੇ ਉਮੀਦਵਾਰਾਂ ਨੂੰ ਰੋਲ ਨੰਬਰ ਦਿੱਤੇ ਜਾਣਗੇ। ਉਕਤ ਤਹਿਸੀਲਾਂ ਤੋਂ ਇਲਾਵਾ ਉਮੀਦਵਾਰ ਕਿਸੇ ਵੀ ਉਪਰੋਕਤ ਸਮਾਂ ਸਾਰਣੀ ਵਾਲੇ ਦਿਨਾਂ ‘ਚ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰੋਲ ਨੰਬਰ ਲੈਣ ਸਮੇਂ ਸਵੇਰੇ 7 ਵਜੇ ਰਿਪੋਰਟ ਕੀਤਾ ਜਾਵੇ ਅਤੇ ਆਪਣੇ ਨਾਲ ਪੁਰਾਣਾ ਰੋਲ ਨੰਬਰ (ਜੇਕਰ ਜਾਰੀ ਹੋਇਆ ਹੈ) ਤੇ ਮੈਡੀਕਲ ਟੋਕਨ ਨਾਲ ਲਿਆਂਦਾ ਜਾਵੇ, ਤੇ ਆਪਣੇ ਨਾਲ ਅਸਲ ਰਿਲੇਸ਼ਨ ਸਰਟੀਫਿਕੇਟ, ਐਨ.ਸੀ.ਸੀ. ਤੇ ਸਪੋਰਟਸ ਸਰਟੀਫਿਕੇਟ ਲਿਆਂਦੇ ਜਾਣ।
ਕੈਪਸ਼ਨ: ਸਹਾਇਕ ਕਮਿਸ਼ਨਰ (ਜ) ਡਾ. ਇਸਮਿਤ ਵਿਜੈ ਸਿੰਘ ਫ਼ੌਜ ਦੇ ਅਧਿਕਾਰੀਆਂ ਨਾਲ ਆਰਮੀ ਦੀ ਭਰਤੀ ਲਈ ਹੋਣ ਵਾਲੀ ਲਿਖਤ ਪ੍ਰੀਖਿਆ ਦੀ ਤਿਆਰੀ ਸਬੰਧੀ ਮੀਟਿੰਗ ਕਰਦੇ ਹੋਏ।

Spread the love