26 ਜੁਲਾਈ ਤੋਂ ਮੁੜ ਖੁੱਲ੍ਹਣਗੇ ਜ਼ਿਲ੍ਹੇ ਦੇ ਸਰਕਾਰੀ ਸਕੂਲ- ਜ਼ਿਲ੍ਹਾ ਸਿੱਖਿਆ ਅਫ਼ਸਰ

ਜਿਲ੍ਹੇ ਦੇ ਸਮੂਹ ਹਾਈ ਅਤੇ ਸੈਕੰਡਰੀ ਸਰਕਾਰੀ ਸਕੂਲਾਂ ‘ਚ ਤਿਆਰੀਆਂ ਮੁਕੰਮਲ
ਤਰਨਤਾਰਨ 24 ਜੁਲਾਈ 2021
ਕਰੋਨਾ ਦੀ ਦੂਸਰੀ ਲਹਿਰ ਕਾਰਨ ਪੰਜਾਬ ਦੇ ਬੰਦ ਪਏ ਸਕੂਲਾਂ ਨੂੰ ਪੜ੍ਹਾਅਵਾਰ ਖੋਲ੍ਹਣ ਦੀ 26 ਜੁਲਾਈ ਨੂੰ ਸ਼ੁਰੂਆਤ ਹੋਰ ਰਹੀ ਹੈ। ਜਿਸ ਤਹਿਤ ਦਸਵੀਂ ਤੋਂ ਬਾਰ੍ਹਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕਰੋਨਾ ਨਿਯਮਾਂ ਦੇ ਦਾਇਰੇ ‘ਚ ਰਹਿੰਦਿਆਂ ਪੰਜਾਬ ਸਰਕਾਰ ਨੇ ਸਕੂਲ ਆਉਣ ਦੀ ਆਗਿਆ ਦਿੱਤੀ ਹੈ। ਇਸ ਸਬੰਧੀ ਤਰਨਤਾਰਨ ਜਿਲ੍ਹੇ ਦੇ ਸਮੂਹ ਸੈਕੰਡਰੀ ਤੇ ਹਾਈ ਸਕੂਲਾਂ ‘ਚ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਤਰਨਤਾਰਨ ਸ਼੍ਰੀ ਸਤਨਾਮ ਸਿੰਘ ਬਾਠ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਪਾਲਣ ਸਬੰਧੀ ਸਕੂਲ ਮੁਖੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਸਭ ਨੂੰ ਕੋਵਿਡ-19 ਤੋਂ ਬਚਾਅ ਲਈ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਆਦੇਸ਼ ਜਾਰ ਕਰ ਦਿੱਤੇ ਗਏ ਹਨ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਨਤਾਰਨ ਸ਼੍ਰੀ ਗੁਰਬਚਨ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ ਸਕੂਲਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਹੈ ਅਤੇ ਸਕੂਲਾਂ ਦੀ ਵਿਸ਼ੇਸ਼ ਸਫਾਈ ਕੀਤੀ ਗਈ ਹੈ।
ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਲ ਦੇ ਪ੍ਰਿੰਸੀਪਲ ਸ਼੍ਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਕੂਲ ‘ਚ ਪ੍ਰਵੇਸ਼ ਕਰਨ ਮੌਕੇ ਮਾਸਕ ਪਹਿਨਣ, ਸੈਨਟਾਈਜ਼ ਹੋਣ ਅਤੇ ਲੋੜੀਦੀ ਦੂਰੀ ਬਣਾ ਕੇ ਰੱਖਣ ਲਈ, ਜਮਾਤ ਇੰਚਾਰਜਾਂ ਵੱਲੋਂ ਕੀਤੀਆਂ ਜ਼ੂਮ ਬੈਠਕਾਂ ਰਾਹੀਂ ਸੁਚੇਤ ਕਰ ਦਿੱਤਾ ਗਿਆ।ਇਸ ਤੋਂ ਇਲਾਵਾ ਸਕੂਲ ‘ਚ ਕੋਵਿਡ-19 ਨਿਯਮਾਂ ਦੀ ਪਾਲਣਾ ਸਬੰਧੀ ਸਟਾਫ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।
ਸਰਕਾਰੀ ਹਾਈ ਸਕੂਲ ਕੁੱਲਾ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਕਿਹਾ ਕਿ ਅਧਿਆਪਕ ਤੇ ਵਿਦਿਆਰਥੀਆਂ ਕੱਲ੍ਹ ਦੇ ਦਿਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਿਸ ਸਬੰਧੀ ਅਧਿਆਪਕਾਂ ਤੇ ਵਿਦਿਆਰਥੀਆਂ ‘ਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ‘ਚ ਕੋਵਿਡ-19 ਨਿਯਮਾਂ ਦੀ ਪਾਲਣਾ ਸਬੰਧੀ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।
ਵਿਦਿਆਰਥਣ ਦੇ ਪਿਤਾ ਬਲਦੇਵ ਸਿੰਘ ਨੇ ਕਿਹਾ ਕਿ ਭਾਵੇਂ ਸਿੱਖਿਆ ਵਿਭਾਗ ਨੇ ਕਰੋਨਾ ਸੰਕਟ ਦੌਰਾਨ ਟੀਵੀ ‘ਤੇ ਆਨਲਾਈਨ ਪੜ੍ਹਾਈ ਕਰਵਾਉਣ ਲਈ ਬਹੁਤ ਉੱਦਮ ਕੀਤੇ ਪਰ ਬੱਚਿਆਂ ਨੂੰ ਸਕੂਲ ‘ਚ ਜਾ ਕੇ ਪੜ੍ਹਨ ਦਾ ਵਧੇਰੇ ਚਾਅ ਹੁੰਦਾ ਹੈ। ਜੋ ਕੱਲ੍ਹ ਨੂੰ ਪੂਰਾ ਹੋ ਜਾਵੇਗਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੇ ਵਿਦਿਆਰਥੀ ਦਾ ਕਹਿਣਾ ਹੈ ਕਿ ਉਹ ਲੰਬੇ ਅਰਸੇ ਤੋਂ ਸਕੂਲ ਲੱਗਣ ਦੀ ਉਡੀਕ ‘ਚ ਸਨ ਕਿਉਂਕਿ ਵਿਦਿਆਰਥੀ ਜੋ ਕੁਝ ਸਕੂਲ ‘ਚ ਜਾ ਕੇ ਸਿੱਖਦੇ ਹਨ, ਉਨ੍ਹਾਂ ਕੁਝ ਉਹ ਆਨਲਾਈਨ ਪੜ੍ਹਾਈ ਦੌਰਾਨ ਨਹੀਂ ਸਿੱਖ ਸਕਦੇ।

Spread the love