ਫਿਰੋਜ਼ਪੁਰ 22 ਜੁਲਾਈ 2021 ਸਿਹਤ ਮੁਲਾਜਮਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਅਤੇ ਛੇਵੇਂ ਪੇਅ ਕਮਿਸ਼ਨ ਦੇ ਵਿਰੋਧ ਵਿੱਚ ਪੰਜਾਬ-ਯੂ.ਟੀ. ਮੁਲਾਜਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਹੋਣ ਵਾਲੀ ਪਟਿਆਲਾ ਮਹਾਂ-ਰੈਲੀ ਦੀ ਤਿਆਰੀ ਸਬੰਧੀ ਸਿਹਤ ਮੁਲਾਜਮ ਕਮੇਟੀ ਪੈਰਾ ਮੈਡੀਕਲ ਦੀ ਇੱਕ ਹੰਗਾਮੀ ਮੀਟਿੰਗ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਰਾਮ ਪ੍ਰਸ਼ਾਦ, ਸੁਧੀਰ, ਨਰਿੰਦਰ ਸ਼ਰਮਾ, ਰੌਬੀਨ, ਪ੍ਰਭਜੋਤ ਕੋਰ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਮ ਪ੍ਰਸ਼ਾਦ, ਸੁਧੀਰ, ਨਰਿੰਦਰ ਸ਼ਰਮਾ, ਰੌਬੀਨ, ਪ੍ਰਭਜੋਤ ਕੋਰ, ਗੁਰਮੁੱਖ ਸਿੰਘ, ਜਗਜੀਤ ਸਿੰਘ, ਜਸਵਿੰਦਰ ਸਿੰਘ, ਸ਼ਮਾ,ਰੇਖਾ, ਮੋਨਿਕਾ, ਅਜੀਤ ਗਿੱਲ, ਰਾਜ ਕੁਮਾਰ, ਸ਼ਿਵ ਵਾਰਡਨ ਸਰਵਨ, ਸੋਨੂੰ, ਅਮਨ, ਮਨਪ੍ਰੀਤ ਕੋਰ ਅਤੇ ਸੋਮਾ ਦੇਵੀ ਨੇ ਕਿਹਾ ਕਿ ਛੇਵੇਂ ਪੇਅ ਕਮਿਸ਼ਨ ਦੇ ਵਿਰੋਧ ਵਿੱਚ ਪੂਰੇ ਪੰਜਾਬ ਦੇ ਮੁਲਾਜਮਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਕਾਮਿਆਂ ਵੱਲੋਂ ਪਹਿਲਕਦਮੀ ਕਰਦਿਆਂ ਪੂਰੇ ਪੰਜਾਬ ਵਿੱਚ ਲਗਾਤਾਰ ਇਸ ਧੱਕੇਸ਼ਾਹੀ ਦਾ ਪਿੱਟ ਸ਼ਿਆਪਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਸੂਬਾ ਕਮੇਟੀ ਦੇ ਸੱਦੇ ਤੇ 29 ਜੁਲਾਈ ਨੂੰ ਪਟਿਆਲਾ ਵਿਖੇ ਮਹਾਂ ਰੈਲੀ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾ ਕਿਹਾ ਕਿ ਇਸ ਮਹਾਂਰੈਲੀ ਨੂੰ ਕਾਮਯਾਬ ਕਰਨ ਲਈ ਸਮੁੱਚੇ ਫਿਰੋਜ਼ਪੁਰ ਜਿਲ੍ਹੇ ਦੇ ਸਿਹਤ ਕਾਮਿਆਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਰੋਨਾਂ ਮਹਾਂਮਾਰੀ ਦੌਰਾਨ ਵੀ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਵਾਲੇ ਸਿਹਤ ਕਾਮਿਆਂ ਨੂੰ ਸਰਕਾਰ ਨੇ ਬੋਨਸ ਦੇ ਰੂਪ ਵਿੱਚ ਤਨਖਾਹਾਂ ਤੇ ਕਟੌਤੀ ਕਰਕੇ ਆਪਣਾ ਤਾਨਾਸ਼ਾਹੀ ਚਿਹਰਾ ਜੱਗ ਜਾਹਿਰ ਕੀਤਾ ਹੈ। ਆਗੂ ਨੇ ਕਿਹਾ ਕਿ ਛੇਵਾਂ ਤਨਖਾਹ ਕਮਿਸ਼ਨ ਹਰ ਵਰਗ ਲਈ ਨੁਕਸਾਨਦੇਹ ਹੈ ਜਿਸ ਕਾਰਨ ਪੂਰੇ ਪੰਜਾਬ ਦੀਆਂ ਸਮੂਹ ਮੁਲਾਜਮ ਜਥੇਬੰਦੀਆਂ ਇਸਦੇ ਲਗਾਤਾਰ ਵਿਰੋਧ ਵਿੱਚ ਡਟੀਆਂ ਹੋਈਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪਟਿਆਲਾ ਰੈਲੀ ਵਿੱਚ ਸ਼ਿਰਕਤ ਕਰਨ ਲਈ ਸਿਹਤ ਕਰਮਚਾਰੀਆਂ ਲਈ ਬੱਸਾਂ ਦਾ ਖਾਸ ਪ੍ਰਬੰਧ ਕਰ ਲਿਆ ਗਿਆ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸਿਹਤ ਵਿਭਾਗ ਦੇ ਆਗੂ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੇ।