3.50 ਕਰੋੜ ਦੀ ਲਾਗਤ ਨਾਲ ਬਣ ਰਹੇ ਟਰੋਮਾ ਸੈਂਟਰ ਦਾ ਅਗਲੇ ਮਹੀਨੇ ਹੋਵੇਗਾ ਉਦਘਾਟਨ, 99 ਫੀਸਦੀ ਬਣ ਕੇ ਹੋ ਚੁੱਕਿਆ ਹੈ ਤਿਆਰ- ਵਿਧਾਇਕ ਪਿੰਕੀ

ਐਨ.ਐਚ.ਆਰ.ਐਮ ਵੱਲੋਂ 2.50 ਕਰੋੜ ਦੀ ਲਾਗਤ ਨਾਲ ਸਿਵਲ ਹਸਪਤਾਲ ਵਿਖੇ ਮੁਹੱਈਆ ਕਰਵਾਈਆਂ ਮੁੱਢਲੀਆਂ ਸੇਵਾਵਾਂ
ਫਿਰੋਜ਼ਪੁਰ 20 ਮਈ,2021
ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ 3.50 ਕਰੋੜ ਦੀ ਲਾਗਤ ਨਾਲ 30 ਬੈੱਡ ਦਾ ਟਰੋਮਾ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ ਜਿਸ ਦਾ 99 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਅਗਲੇ ਮਹੀਨੇ ਤੱਕ ਇਸ ਨੂੰ ਚਾਲੂ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਟਰੋਮਾ ਸੈਂਟਰ ਤੋਂ ਇਲਾਵਾ ਐਨ.ਐਚ.ਆਰ.ਐਮ ਵੱਲੋਂ 2.50 ਕਰੋੜ ਦੀ ਲਾਗਤ ਨਾਲ ਸਿਵਲ ਹਸਪਤਾਲ ਵਿਖੇ ਮੁੱਢਲੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹਸਪਤਾਲ ਅੰਦਰ ਹਰ ਜ਼ਰੂਰਤ ਦਾ ਸਮਾਨ ਪੂਰਾ ਕੀਤਾ ਜਾਵੇਗਾ ਜਿਸ ਦੇ ਲਈ ਜੰਡਵਾਲਾ ਕੋਪਰੇਟਿਵ ਐਲ ਐਂਡ ਟੀ ਸੁਸਾਇਟੀ ਕੰਪਨੀ ਨੂੰ ਮਿਲਿਆ ਟੈਂਡਰ ਵੀ ਅਲਾਟ ਕਰ ਦਿੱਤਾ ਗਿਆ ਹੈ ਅਤੇ ਅਗਲੇ ਹਫਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਹਲਕਾ, ਜ਼ਿਲ੍ਹਾ ਅਤੇ ਪੰਜਾਬ ਦਾ ਇੱਕ ਇੱਕ ਆਦਮੀ ਉਨ੍ਹਾਂ ਦੇ ਲਈ ਬਹੁਤ ਅਹਿਮੀਅਤ ਰਖਦਾ ਹੈ। ਪੰਜਾਬ ਸਰਕਾਰ ਵੱਲੋਂ ਹਰ ਇੱਕ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਇਸੇ ਕੜੀ ਤਹਿਤ ਹਲਕੇ ਦੇ ਵਿਚ ਸਿਹਤ, ਸਿੱਖਿਆ ਸਮੇਤ ਹਰ ਤਰ੍ਹਾਂ ਦੀਆਂ ਵਧੀਆਂ ਸਹੂਲਤਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਵਿਧਾਇਕ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ, ਉਨ੍ਹਾਂ ਵੱਲੋਂ ਪਰਮਾਰਥ ਭਵਨ ਵਿਖੇ ਵਿਸ਼ੇਸ਼ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਹੈ ਜਿੱਥੇ ਐਮ.ਸੀ ਰਿਸ਼ੀ ਸ਼ਰਮਾ ਦੀ ਦੇਖ ਰੇਖ ਹੇਠ ਜਿੱਥੇ ਪਾਠ ਕਰਵਾਇਆ ਜਾ ਰਿਹਾ ਹੈ ਉਥੇ ਨਾਲ ਨਾਲ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਕੋਰੋਨਾ ਮਹਾਮਾਰੀ ਤੋਂ ਨਿਪਟਨ ਲਈ ਅਤੇ ਹੋਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ 6 ਨਵੇਂ ਡਾਕਟਰ ਤਾਇਨਾਤ ਕੀਤੇ ਗਏ ਹਨ ਅਤੇ ਅਗਲੇ ਮਹੀਨੇ ਸਪੈਸ਼ਲਿਸਟ ਡਾਕਟਰ ਵੀ ਤਾਇਨਾਤ ਵੀ ਕੀਤੇ ਜਾਣਗੇ। ਇਸ ਤੋਂ ਇਲਾਵਾ 2 ਅਲਟਰਾ ਸਾਂਊਡ ਦੀਆਂ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਹੁਣ ਸਮੇਂ ਆ ਗਿਆ ਹੈ ਕਿ ਸਾਨੂੰ ਪਾਰਟੀਬਾਜੀ ਤੋਂ ਉਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਕੋਰੋਨਾ ਬਿਮਾਰੀ ਦਾ ਇੱਕ ਜੁਟ ਹੋ ਕੇ ਸਾਹਮਣਾ ਕਰਨਾ ਚਾਹੀਦਾ ਹੈ। ਪੰਜਾਬੀਆਂ ਨੇ ਹਰ ਲੜਾਈ ਨੂੰ ਬੜੀ ਬਹਾਦਰੀ ਦੇ ਨਾਲ ਜਿਤਿਆ ਹੈ ਤੇ ਇਸ ਬਿਮਾਰੀ ਤੇ ਵੀ ਜਲਦ ਹੀ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਨਾਲ ਨਾਲ ਪਿੰਡਾ ਵਿਖੇ ਵਿਸ਼ੇਸ਼ ਮੁਹਿੰਮ ਚਲਾ ਕੇ ਕੈਂਪ ਲਗਾਏ ਜਾ ਰਹੇ ਹਨ ਤਾ ਜੋ ਲੋਕਾ ਨੂੰ ਮੌਕੇ ਤੇ ਹੀ ਸਹੂਲਤ ਮਿਲ ਸਕੇ।

Spread the love