ਜ਼ਿਲੇ ਵਿਚ 11 ਸੇਵਾ ਕੇਂਦਰ ਦੇ ਰਹੇ ਹਨ ਸੇਵਾਵਾਂ
ਜਨਵਰੀ ਤੋਂ ਜੁਲਾਈ ਤੱਕ 97,902 ਅਰਜ਼ੀਆਂ ਪ੍ਰਾਪਤ
ਬਰਨਾਲਾ, 5 ਅਗਸਤ 2021
ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਰਾਹੀਂ ਵੱਖ ਵੱਖ ਸੇਵਾਵਾਂ ਇੱਕੋ ਛੱਤ ਥੱਲੇ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਜ਼ਿਲਾ ਬਰਨਾਲਾ ਵਿੱਚ 11 ਸੇਵਾ ਕੇਂਦਰਾਂ ਰਾਹੀਂ 332 ਕਿਸਮ ਦੀਆਂ ਸੇਵਾਵਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ, ਜੋ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰੰਘ ਫੂਲਕਾ ਨੇ ਦੱਸਿਆ ਕਿ ਨਵੇਂ ਡਿਜੀਟਲ ਯੁੱਗ ਵਿਚ ਵੱਖ ਵੱਖ ਸੇਵਾਵਾਂ ਨੂੰ ਵਧੇਰੇ ਪਾਰਦਰਸ਼ੀ ਅਤੇ ਕਾਰਗਰ ਬਣਾਉਣ ਲਈ ਸੇਵਾ ਕੇਂਦਰ ਬੇਹੱਦ ਸਹਾਈ ਹੋ ਰਹੇ ਹਨ, ਜਿੱਥੇ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਇੱਕੋ ਛੱਤ ਥੱਲੇ ਅਪਲਾਈ ਕੀਤਾ ਜਾਂਦਾ ਹੈ, ਇਸ ਨਾਲ ਜਿੱਥੇ ਸਮਾਂਬੱਧ ਤਰੀਕੇ ਨਾਲ ਸੇਵਾਵਾਂ ਮਿਲਦੀਆਂ ਹਨ, ਉਥੇ ਖੱਜਲ-ਖੁਆਰੀ ਵੀ ਘਟਦੀ ਹੈ। ਉਨਾਂ ਦੱਸਿਆ ਕਿ ਪੰਜਾਬ ਭਰ ਵਿਚ ਜਿੱਥੇ 516 ਸੇਵਾ ਕੇਂਦਰ ਸੇਵਾਵਾਂ ਦੇ ਰਹੇ ਹਨ, ਉਥੇ ਜ਼ਿਲਾ ਬਰਨਾਲਾ ਵਿਚ 11 ਸੇਵਾ ਕੇਂਦਰ ਸੇਵਾਵਾਂ ਦੇ ਰਹੇ ਹਨ। ਇਨਾਂ ਵਿਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਸੇਵਾ ਕੇਂਦਰ, ਪ੍ਰੇਮ ਪ੍ਰਧਾਨ ਮਾਰਕੀਟ ਨੇੜਲਾ ਸੇਵਾ ਕੇਂਦਰ, ਵਾਟਰ ਵਰਕਸ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਘੇੜਾ (ਬਰਨਾਲਾ), ਆਈਟੀਆਈ ਚੌਕ ਬਰਨਾਲਾ, ਹੰਡਿਆਇਆ, ਸਿਵਲ ਹਸਪਤਾਲ ਧਨੌਲਾ ਨੇੜਲਾ ਸੇਵਾ ਕੇਂਦਰ, ਐਸਡੀਐਮ ਦਫਤਰ ਤਪਾ, ਵੈਟਰਨਰੀ ਹਸਪਤਾਲ ਤਪਾ, ਸਬ ਤਹਿਸੀਲ ਭਦੌੜ, ਪਿੰਡ ਧੂਰਕੋਟ ਤੇ ਮਹਿਲ ਕਲਾਂ ਸੇਵਾ ਕੇਂਦਰ ਸ਼ਾਮਲ ਹਨ।
ਉਨਾਂ ਦੱਸਿਆ ਕਿ ਇਨਾਂ ਸੇਵਾ ਕੇਂਦਰਾਂ ਵਿਚ ਅਸਲੇ ਨਾਲ ਸਬੰਧਤ ਸੇਵਾਵਾਂ, ਆਧਾਰ ਕਾਰਡ ਨਾਲ ਸਬੰਧਤ, ਵਿਆਹ ਰਜਿਸਟ੍ਰੇਸ਼ਨ ਸਰਟੀਫਿਕੇਟ ਸਬੰਧੀ, ਜਨਮ ਤੇ ਮੌਤ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਪੇਂਡੂ ਖੇਤਰ ਸਰਟੀਫਿਕੇਟ, ਪੈਨਸ਼ਨ ਸਬੰਧੀ ਸਕੀਮਾਂ ਲਈ ਤੇ ਕਿਰਤ ਵਿਭਾਗ ਦੀਆਂ ਸਕੀਮਾਂ ਲਈ ਰਜਿਸਟ੍ਰੇਸ਼ਨ, ਈ-ਕੋਰਟ ਸਰਵਿਸ, ਟਰਾਂਸਪੋਰਟ ਵਿਭਾਗ ਨਾਲ ਸਬੰਧਤ 39 ਤਰਾਂ ਦੀਆਂ ਸੇਵਾਵਾਂ, ਸਾਂਝ ਕੇਂਦਰ ਦੀਆਂ ਸੇਵਾਵਾਂ ਸਣੇ 332 ਤਰਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਸੇਵਾ ਕੇਂਦਰ ਜ਼ਿਲਾ ਇੰਚਾਰਜ ਰਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲੇ ਦੇ ਸੇਵਾ ਕੇਂਦਰਾਂ ਵਿਚ ਜਨਵਰੀ ਤੋਂ ਜੁਲਾਈ 2021 ਤੱਕ 97,902 ਅਰਜ਼ੀਆਂ ਸਿਟੀਜ਼ਨ ਸੇਵਾ ਲਈ ਪ੍ਰਾਪਤ ਹੋਈਆਂ ਹਨ। ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਹੈ ਅਤੇ ਇਹ ਕੇਂਦਰ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਸੇਵਾਵਾਂ ਦੇਣ ਲਈ ਖੁੱਲੇ ਰਹਿੰਦੇ ਹਨ।
ਇਸ ਮੌਕੇ ਸ਼ੀਲਾ ਰਾਣੀ ਵਾਸੀ ਬਰਨਾਲਾ ਨੇ ਦੱਸਿਆ ਕਿ ਉਸ ਵੱਲੋਂ ਆਧਾਰ ਕਾਰਡ ਵਿੱਚ ਜਨਮ ਮਿਤੀ ਦੀ ਦਰੁਸਤੀ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਸੇਵਾ ਕੇਂਦਰ ਵਿਖੇ ਅਪਲਾਈ ਕੀਤਾ ਗਿਆ ਸੀ। ਇਹ ਦਰੁਸਤੀ ਕਿਰਤ ਵਿਭਾਗ ਦੀ ਸਕੀਮ ਲਈ ਲੋੜੀਂਦੀ ਸੀ। ਉਸ ਨੇ ਦੱਸਿਆ ਕਿ ਸੇਵਾ ਕੇਂਦਰ ਵਿਚ ਅਲਾਈ ਕਰ ਕੇ ਜਿੱਥੇ ਉਸ ਦੇ ਆਧਾਰ ਕਾਰਡ ਵਿਚ ਸੋਧ ਹੋ ਗਈ, ਉਥੇ ਕਿਰਤ ਵਿਭਾਗ ਦੀ ਸਕੀਮ ਅਧੀਨ ਵੀ ਰਜਿਸਟ੍ਰੇਸ਼ਨ ਹੋ ਗਈ।