ਮੌਜੂਦਾ ਸਮੇਂ ’ਚ ਕਰੋਨਾ ਤੋਂ ਬਚਣ ਲਈ ਪੂਰੇ ਇਹਤਿਆਤ ਵਰਤਣ ਦੀ ਲੋੜ: ਆਦਿਤਯ ਡੇਚਲਵਾਲ
*ਫੇਸਬੁਕ ਲਾਈਵ ਰਾਹੀਂ ਜ਼ਿਲ੍ਹਾ ਵਾਸੀਆਂ ਦੇ ਰੂ-ਬ-ਰੂ ਹੋਏ ਵਧੀਕ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ
ਬਰਨਾਲਾ, 18 ਨਵੰਬਰ
ਮੌਜੂਦਾ ਸਮੇਂ ਵਿਚ ਤਿਉਹਾਰਾਂ ਅਤੇ ਇਕੱਠਾਂ ਦੇ ਮੱਦੇਨਜ਼ਰ ਕਰੋਨਾ ਵਾਇਰਸ ਤੋਂ ਜ਼ਿਆਦਾ ਬਚਣ ਦੀ ਲੋੜ ਹੈ ਤਾਂ ਜੋ ਕੋਵਿਡ 19 ਦੀ ਦੂਜੀ ਲਹਿਰ ਖੜ੍ਹੀ ਨਾ ਹੋ ਸਕੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਨੇ ਹਫਤਾਵਰੀ ਫੇਸਬੁਕ ਲਾਈਵ ਸੈਸ਼ਨ ਦੌਰਾਨ ਕੀਤਾ।
ਉਨ੍ਹਾਂ ਆਖਿਆ ਕਿ ਕਰੋਨਾ ਵਾਇਰਸ ਸਬੰਧੀ ਕੋਈ ਵੀ ਅਫਵਾਹ ਨਾ ਫੈਲਾਈ ਜਾਵੇ ਤੇ ਜੇਕਰ ਕੋਈ ਵੀ ਲੱਛਣ ਮਹਿਸੂਸ ਹੁੰਦੇ ਹਨ ਤਾਂ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਚ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਰੋਨਾ ਦਾ ਖਤਰਾ ਅਜੇ ਟਲਿਆ ਨਹੀਂ ਹੈ, ਇਸ ਲਈ ਕੋਈ ਵੀ ਢਿੱਲ/ਅਣਗਹਿਲੀ ਨਾ ਵਰਤੀ ਜਾਵੇ। ਇਸ ਮੌਕੇ ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਜ਼ਰੂਰੀ ਕੰਮਾਂ ਲਈ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਜ਼ਰੂਰ ਪਾਓ। ਇਕੱਠ ਵਿਚ ਜਾਣ ਤੋਂ ਪ੍ਰਹੇਜ਼ ਕਰੋ ਤੇ ਵਾਰ ਵਾਰ ਹੱਥ ਜ਼ਰੂਰ ਧੋਵੋ।