ਵੈਕਸੀਨੇਸ਼ਨ ਲਗਵਾਉਣ ਲਈ ਲੋਕਾਂ ਨੂੰ ਲਗਾਤਾਰ ਕੀਤਾ ਜਾ ਰਿਹੈ ਜਾਗਰੂਕ
ਜ਼ਿਲ੍ਹੇ ਭਰ ਚ ਲੋਕਾਂ ਨੂੰ ਲਗਾਈ ਜਾ ਚੁੱਕੀ ਵੈਕਸ਼ੀਨ ਦਾ ਅੰਕੜਾ 1 ਲੱਖ ਤੋਂ ਪਾਰ
ਬਰਨਾਲਾ, 26 ਜੂਨ 2021
ਮਿਸ਼ਨ ਫ਼ਤਿਹ ਤਹਿਤ ਕੋਵਿਡ ਟੀਕਾਕਰਨ ਲਈ ਜ਼ਿਲ੍ਹੇ ਭਰ ਚ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਤਹਿਤ ਬਰਨਾਲਾ ਜ਼ਿਲ੍ਹੇ ਦੇ 4 ਪਿੰਡ ਹਰਦਾਸਪੁਰਾ, ਰਾਮਗੜ, ਰਾਇਸਰ ਪੰਜਾਬ ਅਤੇ ਮੱਝੂਕੇ 45 ਸਾਲ ਤੋਂ ਵਧੇਰੇ ਉਮਰ ਦੇ ਸਾਰੇ ਯੋਗ ਵਿਅਕਤੀਆਂ ਦਾ 100 ਫ਼ੀਸਦੀ ਟੀਕਾਕਰਨ ਕਰਵਾਉਣ ਵਿੱਚ ਮੋਹਰੀ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦਿੱਤੀ।
ਸ਼੍ਰੀ ਫੂਲਕਾ ਨੇ ਦੱਸਿਆ ਕਿ ਇਹ 100ਫ਼ੀਸਦੀ ਟੀਕਾਕਰਨ ਦਾ ਕੰਮ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ, ਮੋਹਤਬਰ ਲੋਕਾਂ, ਕਲੱਬਾਂ, ਧਾਰਮਿਕ ਸੰਸਥਾਵਾਂ ਤੋਂ ਇਲਾਵਾ ਇਨ੍ਹਾਂ ਪਿੰਡਾਂ ਦੇ ਸਾਰੇ ਵਸਨੀਕਾਂ ਆਦਿ ਵੱਲੋਂ ਸਿਹਤ ਵਿਭਾਗ ਨਾਲ ਕੀਤੇ ਸਹਿਯੋਗ ਸਦਕਾ ਹੀ ਹੋ ਸਕਿਆ ਹੈ।
ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਹਰਦਾਸਪੁਰਾ ਦੀ ਕੁੱਲ ਆਬਾਦੀ 1558 ਹੈ, ਜਿਸ ਵਿੱਚ 45 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਦੀ ਗਿਣਤੀ ਦੇ ਸਾਰੇ 375 ਲੋਕਾਂ ਵੱਲੋਂ ਵੈਕਸ਼ੀਨ ਲਗਾਵਾਈ ਜਾ ਚੁੱਕੀ ਹੈ। ਇਸੇ ਤਰ੍ਹਾਂ ਹੀ ਪਿੰਡ ਰਾਮਗੜ ਜਿਸ ਦੀ ਕੁੱਲ ਆਬਾਦੀ 2954 ਹੈ, ਵਿੱਚੋਂ 45 ਸਾਲ ਤੋਂ ਵਧੇਰੀ ਉਮਰ ਦੇ ਸਾਰੇ 790 ਵਿਅਕਤੀਆਂ ਆਪੋ-ਆਪਣੇ ਵੈਕਸ਼ੀਨ ਲਗਵਾ ਚੁੱਕੇ ਹਨ। ਇਸ ਤੋਂ ਇਲਾਵਾ 2585 ਆਬਾਦੀ ਵਾਲੇ ਪਿੰਡ ਮੱਝੂਕੇ ਦੇ 45 ਸਾਲ ਤੋਂ ਵੱਧ ਉਮਰ ਦੇ 580 ਵਿਅਕਤੀ ਹਨ। ਇਨ੍ਹਾਂ 580 ਵਿਅਕਤੀਆਂ ਵਿੱਚੋਂ 73 ਵਿਅਕਤੀ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਅਤੇ ਬਾਕੀ ਦੇ 507 ਵਿਅਕਤੀਆਂ ਵੱਲੋਂ ਵੈਕਸ਼ੀਨ ਲਗਵਾਉਣ ਦਾ 100ਫ਼ੀਸਦੀ ਟੀਚਾ ਮੁਕੰਮਲ ਕਰਕੇ ਆਪੋ-ਆਪਣੇ ਵੈਕਸ਼ੀਨ ਲਗਵਾਉਣ ਦਾ ਕੰਮ ਮੁੰਕਮਲ ਕਰ ਲਿਆ ਹੈ। ਇਸੇ ਤਰ੍ਹਾਂ ਪਿੰਡ ਰਾਇਸਰ ਪੰਜਾਬ ਚ 493 ਵਿਅਕਤੀ 45 ਸਾਲ ਤੋਂ ਵੱਧ ਉਮਰ ਦੇ ਸਨ ਅਤੇ ਸਾਰਿਆਂ ਦੇ ਵੈਕਸੀਨ ਲੱਗ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਵੈਕਸ਼ੀਨ ਲਗਵਾਉਣ ਸਬੰਧੀ ਵੱਖ-ਵੱਖ ਤਰੀਕਿਆਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਸਾਰੇ ਮਿਲ ਕੇ ਇਸ ਭਿਆਨਕ ਮਹਾਂਮਾਰੀ ਦਾ ਡਟ ਕੇ ਟਾਕਰਾ ਕਰਦਿਆਂ ਇਸ ਨੂੰ ਹਰਾਉਣ ਵਿੱਚ ਸਫ਼ਲ ਹੋ ਸਕੀਏ।
ਜ਼ਿਲ੍ਹੇ ਭਰ ਚ ਲੋਕਾਂ ਨੂੰ ਲਗਾਈ ਜਾ ਚੁੱਕੀ ਵੈਕਸ਼ੀਨ ਦਾ ਅੰਕੜਾ 1 ਲੱਖ ਤੋਂ ਪਾਰ
ਅੱਜ 3241 ਵੈਕਸੀਨ ਲਗਾਏ, ਅੱਜ ਤੱਕ ਦਾ ਜ਼ਿਲ੍ਹੇ ਚ ਸੱਭ ਤੋਂ ਵੱਧ ਵੈਕਸੀਨ ਲੱਗਣ ਦਾ ਅੰਕੜਾ
ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਸਿਹਤ ਵਿਭਾਗ ਵੱਲੋਂ 25 ਜੂਨ, 2021 ਤੱਕ 1 ਲੱਖ ਤੋਂ ਵੱਧ ਵੈਕਸ਼ੀਨ ਦੀਆਂ ਡੋਜ਼ਾਂ ਵੱਖ-ਵੱਖ ਲੋਕਾਂ ਦੇ ਲਗਾਈਆਂ ਜਾ ਚੁੱਕੀਆਂ ਹਨ ਅਤੇ ਵੈਕਸ਼ੀਨ ਲਗਾਉਣ ਦਾ ਕੰਮ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ।
ਅੱਜ 26 ਜੂਨ ਨੂੰ 3241 ਵੈਕਸੀਨ ਜ਼ਿਲ੍ਹੇ ਭਰ ਵਿਚ ਲਗਾਈ ਗਈ। ਅੱਜ ਤੱਕ ਜ਼ਿਲ੍ਹਾ ਬਰਨਾਲਾ ਚ ਲੱਗਣ ਵਾਲੀ ਸੱਭ ਤੋਂ ਵੱਧ ਵੈਕਸੀਨ ਅੱਜ ਲਗਵਾਕੇ ਬਰਨਾਲਾ ਵਾਸੀਆਂ ਨੇ ਰਿਕਾਰਡ ਕਾਇਮ ਕੀਤਾ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਵੱਲੋਂ ਵੈਕਸ਼ੀਨ ਦੀ ਪਹਿਲੀ ਡੋਜ਼ ਲਗਵਾਈ ਜਾ ਚੁੱਕੀ ਹੈ, ਉਹ ਦੂਜ਼ੀ ਡੋਜ਼ ਨੂੰ ਤੈਅ ਸਮੇਂ ਅਨੁਸਾਰ ਲਗਵਾ ਲੈਣ ਤਾਂ ਕਿ ਅਸੀਂ ਖੁਦ, ਆਪਣੇ ਪਰਿਵਾਰ, ਆਪਣੇ ਆਲੇ-ਦੁਆਲੇ ਵਿੱਚ ਰਹਿਣ ਵਾਲੇ ਆਦਿ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾ ਸਕੀਏ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਪਿੰਡਾਂ/ਕਸਬਿਆਂ/ਸ਼ਹਿਰਾਂ ਦੇ ਗਲੀ-ਮੁਹੱਲਿਆਂ ਵਿਖੇ ਲਗਾਏ ਜਾ ਰਹੇ ਵੈਕਸ਼ੀਨੇਸ਼ਨ ਦੇ ਕੈਂਪਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਤਾਂ ਕਿ ਇਹ ਵੈਕਸ਼ੀਨ ਵੱਧ ਤੋਂ ਵੱਧ ਲੋਕਾਂ ਦੇ ਲਗਾ ਕੇ ਕੋਰੋਨਾ ਮਹਾਂਮਾਰੀ ਤੋਂ ਅਸੀਂ ਸਾਰੇ ਹੀ ਰਲ-ਮਿਲ ਕੇ ਨਿਜਾਤ ਪਾ ਸਕੀਏ।