ਲੁਧਿਆਣਾ, 29 ਅਕਤੂਬਰ 2021
ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀ ਹਰੇਕ ਸਬ-ਡਵੀਜ਼ਨ ਵਿੱਚ ਲਗਾਏ ਗਏ ਦੂਜੇ ਅਤੇ ਆਖਰੀ ਦਿਨ ਦੇ ਸੁਵਿਧਾ ਕੈਂਪਾਂ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ ਜਿਸ ਵਿੱਚ ਕੁੱਲ 4816 ਲੋਕਾਂ ਨੇ ਪੰਜਾਬ ਸਰਕਾਰ ਦੀਆਂ ਗਰੀਬ ਪੱਖੀ ਭਲਾਈ ਸਕੀਮਾਂ ਤਹਿਤ ਲਾਭ ਲੈਣ ਲਈ ਅਪਲਾਈ ਕੀਤਾ।
ਹੋਰ ਪੜ੍ਹੋ :-ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਅਬੋਹਰ ਵਿਖੇ ਮਾਈਕਰੋ ਇਰੀਗੇਸ਼ਨ ਸਕੀਮ ਅਧੀਨ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਕੈਂਪ ਪੰਜਾਬ ਸਰਕਾਰ ਦੀਆਂ 19 ਤੋਂ ਵੱਧ ਲੋਕ ਪੱਖੀ ਸਕੀਮਾਂ ਅਤੇ ਨੀਤੀਆਂ ਦਾ ਲਾਭ ਲੋਕਾਂ ਨੂੰ ਉਨ੍ਹਾਂ ਦੇ ਘਰ-ਘਰ ਤੱਕ ਪਹੁੰਚਾਉਣ ਲਈ ਲਗਾਏ ਗਏ ਹਨ।
ਜ਼ਿਲ੍ਹੇ ਦੀ ਹਰੇਕ ਸਬ-ਡਵੀਜ਼ਨ ਵਿੱਚ ਦਰਖਾਸਤਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਾਇਲ ਵਿੱਚ ਲਗਾਏ ਕੈਂਪ ਦੌਰਾਨ 1424 ਦਰਖਾਸਤਾਂ, ਸਮਰਾਲਾ ਵਿੱਚ 237 ਦਰਖਾਸਤਾਂ, ਜਗਰਾਉਂ ਵਿੱਚ 1007 ਦਰਖਾਸਤਾਂ, ਲੁਧਿਆਣਾ ਪੱਛਮੀ ਵਿੱਚ 139 ਦਰਖਾਸਤਾਂ, ਰਾਏਕੋਟ ਵਿੱਚ 959 ਦਰਖਾਸਤਾਂ, 559 ਅਰਜ਼ੀਆਂ ਲੁਧਿਆਣਾ ਪੂਰਬੀ ਵਿੱਚ ਅਤੇ 501 ਖੰਨਾ ਸਬ-ਡਵੀਜ਼ਨਾਂ ਵਿੱਚ ਪ੍ਰਾਪਤ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਿਨੈਕਾਰਾਂ ਨੂੰ ਸਕੀਮਾਂ ਦਾ ਲਾਭ ਦੇਣ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਅੱਜ ਵੀ ਲੋਕਾਂ ਨੂੰ ਇਨ੍ਹਾਂ ਸੁਵਿਧਾ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।
ਸ੍ਰੀ ਸ਼ਰਮਾ ਨੇ ਕਿਹਾ ਕਿ ਲੋਕਾਂ ਦੀ ਸਰਗਰਮ ਭਾਗੀਦਾਰੀ ਹੀ ਇਸ ਪਹਿਲਕਦਮੀ ਨੂੰ ਸਫਲ ਬਣਾ ਸਕਦੀ ਹੈ ਅਤੇ ਇਹ ਕੈਂਪ ਲੋਕਾਂ ਲਈ ਬੇਹੱਦ ਲਾਹੇਵੰਦ ਸਿੱਧ ਹੋਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਹ ਕੈਂਪ ਹਰੇਕ ਲਾਭਪਾਤਰੀ ਨੂੰ ਜ਼ਮੀਨੀ ਪੱਧਰ ‘ਤੇ ਸਕੀਮਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਣਗੇ ਜਿਨ੍ਹਾਂ ਵਿੱਚ ਬੇਜ਼ਮੀਨੇ ਨਾਗਰਿਕਾਂ ਲਈ ਪੰਜ ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ ਆਦਿ), ਅਨੁਸੂਚਿਤ ਜਾਤੀ/ਬੀ.ਸੀ. ਕਾਰਪੋਰੇਸ਼ਨਾਂ/ਬੈਂਕ ਫਿਨਕੋ ਤੋਂ ਮਕਾਨ ਦੀ ਮੁਰੰਮਤ ਲਈ ਕਰਜ਼ਾ, ਬੱਸ ਪਾਸ, ਬਕਾਇਆ ਇੰਤਕਾਲ ਕੇਸ, ਮਨਰੇਗਾ ਜੌਬ ਕਾਰਡ, ਦੋ ਕਿਲੋਵਾਟ ਸਮਰੱਥਾ ਤੱਕ ਬਿਜਲੀ ਦੇ ਬਕਾਏ ਮੁਆਫੀ ਦਾ ਸਰਟੀਫਿਕੇਟ, ਬਕਾਇਆ ਸੀ.ਐਲ.ਯੂ. ਕੇਸ/ਨਕਸ਼ੇ ਆਦਿ ਸ਼ਾਮਲ ਹਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਲੋਕਾਂ ਲਈ ਵੱਖ-ਵੱਖ ਦਫ਼ਤਰਾਂ ਵਿੱਚ ਜਾਣ ਦੀ ਬਜਾਏ ਇੱਕ ਹੀ ਛੱਤ ਹੇਠ ਕਈ ਸਕੀਮਾਂ ਦਾ ਲਾਭ ਲੈਣ ਦਾ ਸੁਨਹਿਰੀ ਮੌਕਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਕੈਂਪ ਗਰੀਬ ਵਰਗ ਲਈ ਵੱਖ-ਵੱਖ ਸਕੀਮਾਂ ਦਾ ਲਾਭ ਉਨ੍ਹਾਂ ਦੇ ਘਰ-ਘਰ ਪਹੁੰਚਾਉਣ ਲਈ ਵਰਦਾਨ ਸਿੱਧ ਹੋਣਗੇ।