ਰੂਪਨਗਰ, 21 ਅਪ੍ਰੈਲ 2022
ਪੰਜਾਬ ਸਰਕਾਰ ਵਲੋਂ ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਮਾਈਨਿੰਗ ਵਿਭਾਗ ਨੇ ਸਖਤ ਕਾਰਵਾਈ ਕਰਦਿਆਂ ਪਿੰਡ ਖੇੜਾ ਕਲਮੌਟ ਵਿਖੇ 6 ਕਰੈਸ਼ਰ ਪਲਾਂਟ ਸੀਲ ਕੀਤੇ ਹਨ।
ਹੋਰ ਪੜ੍ਹੋ :-ਕੇਜਰੀਵਾਲ ਖੁਦ ਦਖਲ ਦੇ ਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫੌਰੀ ਰਿਹਾਈ ਕਰਵਾਉਣ : ਸੁਖਬੀਰ ਸਿੰਘ ਬਾਦਲ
ਇਸ ਬਾਰੇ ਜਾਣਕਾਰੀ ਦਿੰਦਿਆਂ ਮਾਈਨਿੰਗ ਅਫਸਰ ਵਿਪਨ ਕੰਬੋਜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੂਪਨਗਰ ਵਿੱਚ ਠੇਕੇਦਾਰ ਵਲੋਂ ਕਿਸ਼ਤ ਨਾ ਜਮ੍ਹਾ ਕਰਵਾਉਣ ਕਾਰਨ ਮਾਈਨਿੰਗ ਦੇ ਠੇਕੇਦਾਰ ਦਾ ਲਾਇਸੰਸ ਸਸਪੈਂਡ ਕਰ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਮਾਈਨਿੰਗ ਵਿਭਾਗ ਦੀ ਟੀਮ ਨੇ ਚੈਕਿੰਗ ਦੌਰਾਨ ਪਾਇਆ ਕਿ ਪਹਾੜੀਆਂ ਵਿੱਚ ਲੱਗੇ ਸਟੌਨ ਕਰੈਸ਼ਰ ਗੈਰ-ਕਾਨੂੰਨੀ ਢੰਗ ਨਾਲ ਪੱਥਰ ਇਕੱਠਾ ਕਰਕੇ ਚਲਾਏ ਜਾ ਰਹੇ ਸਨ।
ਮਾਈਨਿੰਗ ਅਫਸਰ ਨੇ ਦੱਸਿਆ ਕਿ ਮਹਾਂਵੀਰ ਸਟੌਨ ਕਰੈਸ਼ਰ, ਗਿੱਲ ਸਟੌਨ ਕਰੈਸ਼ਰ, ਕਲਗੀਧਰ ਸਟੌਨ ਕਰੈਸ਼ਰ, ਗੁਰੂ ਸਟੌਨ ਕਰੈਸ਼ਰ, ਨਿਊ ਸਤਲੁੱਜ ਸਟੌਨ ਕਰੈਸ਼ਰ ਅਤੇ ਗੁਰਿੰਦਰ ਦੁਆਬਾ ਸਟੌਨ ਕਰੈਸ਼ਰ ‘ਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ ਅਤੇ 6 ਕਰੈਸ਼ਰਾਂ ਨੂੰ ਪੱਕੇ ਤੌਰ ‘ਤੇ ਸੀਲ ਕਰ ਦਿੱਤਾ ਗਿਆ ਹੈ।
ਸ਼੍ਰੀ ਵਿਪਨ ਕੰਬੋਜ ਨੇ ਦੱਸਿਆ ਕਿ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਇਨ੍ਹਾਂ ਕਰੈਸ਼ਰਾਂ ਦੀ ਜਾਣਕਾਰੀ ਪੁਲਿਸ ਵਿਭਾਗ ਨੂੰ ਦੇ ਦਿੱਤੀ ਗਈ ਹੈ ਤਾਂ ਜੋ ਇਨ੍ਹਾਂ ਥਾਵਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਸਕੀ।
ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਕਿਸੇ ਵੀ ਪੱਧਰ ‘ਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਅਤੇ ਇਸ ਵਿੱਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਓਵਰ ਲੋਡਿੰਗ ਵਾਹਨਾਂ ਖਿਲਾਫ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਲਈ ਸਾਰੇ ਟਰਾਂਸਪ੍ਰੋਟਰਾਂ ਨੂੰ ਅਪੀਲ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਾਜ਼ਮੀ ਕਰਨ।