ਅੱਜ ਵੈਕਸੀਨ ਦੀਆਂ 60 ਹਜ਼ਾਰ ਖੁਰਾਕਾਂ ਹੋਈਆਂ ਪ੍ਰਾਪਤ, ਡੀ.ਸੀ. ਵੱਲੋਂ ਯੋਗ ਵਸਨੀਕਾਂ ਨੂੰ ਤੁਰੰਤ ਟੀਕਾਕਰਨ ਕਰਵਾਉਣ ਦੀ ਅਪੀਲ

ਕੋਵਿਡ ਪ੍ਰਤੀ ਅਵੇਸਲਾਪਣ ਦੇ ਸਕਦਾ ਹੈ ਤੀਜੀ ਲਹਿਰ ਨੂੰ ਸੱਦਾ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ
ਵਾਇਰਸ ਸਾਡੇ ‘ਚ ਮੌਜੂਦ ਹੈ, ਪ੍ਰੋਟੋਕਾਲ ਦੀ ਕੀਤੀ ਜਾਵੇ ਸਖ਼ਤੀ ਨਾਲ ਪਾਲਣਾ
ਲੁਧਿਆਣਾ, 18 ਅਗਸਤ 2021 ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੱਜ ਸਵੇਰੇ 60 ਹਜ਼ਾਰ ਖੁਰਾਕਾਂ ਪ੍ਰਾਪਤ ਹੋਈਆਂ ਹਨ ਅਤੇ ਟੀਕਾਕਰਨ ਲਈ ਸਾਰੀਆਂ ਖੁਰਾਕਾਂ ਦੀ ਵਰਤੋਂ 24 ਘੰਟਿਆਂ ਦੇ ਅੰਦਰ ਕੀਤੀ ਜਾਵੇਗੀ ਤਾਂ ਜੋ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਆਬਾਦੀ ਦੀ ਤੇਜ਼ੀ ਨਾਲ ਕਵਰੇਜ ਯਕੀਨੀ ਬਣਾਈ ਜਾ ਸਕੇ।
ਡੀ.ਪੀ.ਆਰ.ਓ ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿੱਚ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਲਗਭਗ 17.58 ਲੱਖ ਲੋਕਾਂ ਦਾ ਟੀਕਾਕਰਣ ਕੀਤਾ ਗਿਆ ਹੈ ਅਤੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਲੁਧਿਆਣਾ ਦੇ ਵੱਖ-ਵੱਖ ਖੇਤਰਾਂ ਵਿੱਚ ਵੈਕਸੀਨੇਸ਼ਨ ਕੈਂਪ ਲਗਾਉਣ ਦੀ ਰਣਨੀਤੀ ਉਲੀਕੀ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਕਵਰੇਜ਼ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਹੁਤ ਜਲਦ, ਜ਼ਿਲ੍ਹਾ 20 ਲੱਖ ਦਾ ਆਂਕੜਾ ਪਾਰ ਕਰ ਜਾਵੇਗਾ ਅਤੇ ਜਿਸ ਦਾ ਸਾਰਾ ਸਿਹਰਾ ਸਿਹਤ ਟੀਮਾਂ, ਡਾਕਟਰਾਂ, ਪੈਰਾ-ਮੈਡੀਕਲ ਅਤੇ ਲੁਧਿਆਣਾ ਦੇ ਲੋਕਾਂ ਨੂੰ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਵਾਇਰਸ ਨੂੰ ਰੋਕਣ ਲਈ ਵੈਕਸੀਨ ਹੀ ਇਕੋ-ਇਕ ਪ੍ਰਭਾਵਸ਼ਾਲੀ ਹਥਿਆਰ ਹੈ ਅਤੇ ਇਸ ਨਾਲ ਸਮਾਜ ਨੂੰ ਪਹਿਲਾਂ ਵਾਲੀ ਕੋਵਿਡ ਰਹਿਤ ਸਥਿਤੀ ਵੱਲ ਪਰਤਣ ਵਿਚ ਮਦਦ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਭਾਵਤ ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਹਰੇਕ ਯੋਗ ਵਿਅਕਤੀ ਨੂੰ ਟੀਕਾ ਲਗਾਉਣ ਲਈ ਤੱਤਪਰ ਹੈ।
ਉਨ੍ਹਾਂ ਕਿਹਾ ਕਿ ਵੈਕਸੀਨ ਕੇਂਦਰ ਸਰਕਾਰ ਦੁਆਰਾ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਦੋਂ ਵੀ ਇਹ ਆਉਂਦੀ ਹੈ, ਲੋਕਾਂ ਨੂੰ ਬਿਨਾਂ ਦੇਰੀ ਕੀਤੇ ਇਸ ਨੂੰ ਅਪਣਾਉਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਦੇ ਰਹਿਣ ਨੂੰ ਵੀ ਕਿਹਾ, ਜਿਸ ਵਿੱਚ ਮਾਸਕ ਪਹਿਨਣਾ, ਸਮਾਜਕ ਦੂਰੀ ਬਣਾਈ ਰੱਖਣਾ ਅਤੇ ਹੱਥਾਂ ਦੀ ਸਫਾਈ ਸ਼ਾਮਲ ਹੈ ਨਹੀਂ ਤਾਂ ਢਿੱਲਾ ਰਵੱਈਆ ਨਿਸ਼ਚਤ ਰੂਪ ਨਾਲ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਸੱਦਾ ਦੇਵੇਗਾ।

Spread the love